ਬਿਹਾਰ 'ਚ ਮੁਰਗੀਆਂ 'ਚ ਮਿਲਿਆ ਖ਼ਤਰਨਾਕ ਐਚ 5 ਐਨ 1 ਬਰਡ ਫਲੂ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਪਟਨਾ ਜੂ ਨੂੰ 7 ਦਿਨਾਂ ਦੇ ਲਈ ਕੀਤਾ ਬੰਦ

Dangerous H5N1 bird flu found in chickens in Bihar

ਪਟਨਾ : ਬਿਹਾਰ ਦੇ ਪਟਨਾ ਵਿੱਚ ਬਰਡ ਫਲੂ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ।  ਪੀ.ਸੀ ਕਾਲੋਨੀ, ਕੰਕੜਬਾਗ ਦੇ ਜੂ-ਸੈਕਟਰ ਪਾਰਕ ਅਤੇ ਪਟਨਾ ਹਾਈਕੋਰਟ ਵਿੱਚ ਕਾਂਵਾਂ ਅਤੇ ਮੁਰਗੀਆਂ ਦੀ ਅਚਾਨਕ ਮੌਤ ਤੋਂ ਬਾਅਦ H5N1 ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਰਿਪੋਰਟ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕੇ ਦੇ 1 ਕਿਲੋਮੀਟਰ ਖੇਤਰ ਨੂੰ ਬਰਡ ਫਲੂ ਤੋਂ ਪੀੜਤ ਐਲਾਨ ਦਿੱਤਾ ਹੈ। ਲਗਭਗ 4575 ਮੁਰਗੀਆਂ ਨੂੰ ਮਾਰ ਦਿੱਤਾ ਗਿਆ ਹੈ  ਅਤੇ 9662 ਅੰਡੇ ਅਤੇ 530 ਕਿਲੋ ਦਾਣਾ ਨਸ਼ਟ ਕੀਤਾ ਗਿਆ ਹੈ।

ਜੂ-ਸੈਕਟਰ ਪਾਰਕ ਅਤੇ ਸੰਜੇ ਗਾਂਧੀ ਜੈਵਿਕ ਪਟਨਾ ਜੂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। H5N1 ਬਰਡ ਫਲੂ ਨੂੰ ਕੋਰੋਨਾ ਤੋਂ ਵੀ ਖ਼ਤਰਨਾਕ ਮੰਨਿਆ ਜਾਂਦਾ ਹੈ । ਇਸ ਦਾ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਉਧਰ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਸਿਵਲ ਸਰਜਨ ਨੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। 

ਪਟਨਾ ਦੇ ਚਿਤਕੋਹਰਾ ਸਥਿਤ ਕੌਸ਼ਲ ਨਗਰ ’ਚ ਬਿਹਾਰ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਪੋਲਟਰੀ ਫਾਰਤ ’ਚ 6000 ਮੁਰਗੀਆਂ ਬਰਡ ਫਲੂ ਤੋਂ ਪੀੜਤ ਪਾਈਆਂ ਗਈਆਂ। ਡੇਅਰੀ, ਮੱਛੀ ਅਤੇ ਪਸ਼ੂ ਪਾਲਣ ਵਿਭਾਗ ਨੇ ਸਾਰੀਆਂ ਮੁਰਗੀਆਂ ਨੂੰ ਦਫਨਾ ਦਿੱਤਾ ਹੈ। ਫਲੂ ਦੀ ਪੁਸ਼ਟੀ ਤੋਂ ਬਾਅਦ ਪੂਰੇ ਇਲਾਕੇ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮੁਰਗੀ ਫਾਰਮ ਖੇਤਰ ਵਿੱਚ ਬਿਨਾਂ ਮਾਸਕ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਇਲਾਕਾ ਏਅਰਪੋਰਟ ਦੇ ਨੇੜੇ ਚਿਤਕੋਹਰਾ ਪੁੱਲ ਦੇ ਹੇਠਾਂ ਸਥਿਤ ਹੈ। ਖੇਤਰ ਵਿੱਚ ਸੰਘਣੀ ਆਬਾਦੀ ਹੋਣ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।