ਪਟਨਾ ’ਚ ਪੰਜਾਬ ਤੋਂ ਆਈ ਔਰਤ ਨੂੰ ਚਾਕੂ ਮਾਰ ਕੇ ਨਕਦੀ ਅਤੇ ਮੋਬਾਈਲ ਫੋਨ ਲੁੱਟਿਆ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮਾਗਮ ’ਚ ਸ਼ਾਮਲ ਹੋਣ ਲਈ ਆਈ ਸੀ ਮਹਿਲਾ
ਪਟਨਾ: ਪਟਨਾ ਵਿਚ ਪ੍ਰਕਾਸ਼ ਪੁਰਬ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਦਿਨ-ਦਿਹਾੜੇ ਇਕ ਔਰਤ ਉਤੇ ਹਮਲਾ ਕਰ ਕੇ ਉਸ ਤੋਂ ਨਕਦੀ ਅਤੇ ਮੋਬਾਈਲ ਫ਼ੋਨ ਲੁੱਟ ਲਿਆ ਗਿਆ ਗਿਆ। ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮਾਰੋਹ ਲਈ ਪੰਜਾਬ ਤੋਂ ਆਈ ਇਕ ਸਿੱਖ ਔਰਤ ਨੂੰ ਐਤਵਾਰ ਸਵੇਰੇ ਪਟਨਾ ਸਿਟੀ ’ਚ ਚਾਕੂ ਮਾਰ ਕੇ ਲੁੱਟ ਲਿਆ ਗਿਆ। ਚਾਕੂ ਲੱਗਣ ਕਾਰਨ ਜ਼ਖ਼ਮੀ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ।
ਪੀੜਤ ਔਰਤ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਉੱਤਮਪ੍ਰੀਤ ਕੌਰ ਹੈ ਜੋ ਅਪਣੀ ਮਾਸੀ ਸਰਬਜੀਤ ਕੌਰ ਨਾਲ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਤੋਂ ਬਾਲ ਲੀਲਾ ਗੁਰਦਵਾਰੇ ਵਲ ਤੰਗ ਗਲੀ ’ਚੋਂ ਜਾ ਰਹੀ ਸੀ। ਇਸ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਉਤੇ ਚਾਕੂ ਨਾਲ ਹਮਲਾ ਕਰ ਦਿਤਾ। ਪੀੜਤਾ ਮੁਤਾਬਕ ਹਮਲਾਵਰਾਂ ਨੇ ਉਸ ਕੋਲੋਂ 8 ਹਜ਼ਾਰ ਰੁਪਏ ਨਕਦ ਅਤੇ ਇਕ ਮੋਬਾਈਲ ਫ਼ੋਨ ਖੋਹ ਲਿਆ। ਵਿਰੋਧ ਕਰਨ ’ਤੇ ਬਦਮਾਸ਼ਾਂ ਨੇ ਉਸ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿਤਾ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।