ਨਿਤੀਸ਼ ਕੋਲ 1.65 ਕਰੋੜ ਰੁਪਏ ਦੀ ਜਾਇਦਾਦ, ਪਿਛਲੇ ਸਾਲ ਦੇ ਮੁਕਾਬਲੇ 68,455 ਰੁਪਏ ਵਧੀ

ਏਜੰਸੀ

ਖ਼ਬਰਾਂ, ਬਿਹਾਰ

ਬਿਹਾਰ ਸਰਕਾਰ ਦੀ ਵੈੱਬਸਾਈਟ ਉਤੇ ਅਪਲੋਡ ਕੀਤੇ ਗਏ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਜਾਇਦਾਦ ਦੇ ਵੇਰਵੇ

Nitish Kumar

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲ 1.65 ਕਰੋੜ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਹੈ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 68,455 ਰੁਪਏ ਵਧੀ ਹੈ। ਬੁਧਵਾਰ ਨੂੰ ਬਿਹਾਰ ਸਰਕਾਰ ਦੀ ਵੈੱਬਸਾਈਟ ਉਤੇ ਅਪਲੋਡ ਕੀਤੀ ਗਈ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਜਾਇਦਾਦ ਦੇ ਵੇਰਵਿਆਂ ਮੁਤਾਬਕ ਕੁਮਾਰ ਕੋਲ 20,552 ਰੁਪਏ ਨਕਦ ਅਤੇ ਵੱਖ-ਵੱਖ ਬੈਂਕਾਂ ’ਚ ਲਗਭਗ 57,800 ਰੁਪਏ ਹਨ। ਨਿਤੀਸ਼ ਕੁਮਾਰ ਸਰਕਾਰ ਨੇ ਸਾਰੇ ਕੈਬਨਿਟ ਮੰਤਰੀਆਂ ਲਈ ਹਰ ਕੈਲੰਡਰ ਸਾਲ ਦੇ ਆਖਰੀ ਦਿਨ ਅਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਪ੍ਰਗਟਾਵਾ ਕਰਨਾ ਲਾਜ਼ਮੀ ਕਰ ਦਿਤਾ ਹੈ। ਖੁਲਾਸਿਆਂ ਮੁਤਾਬਕ ਕਈ ਮੰਤਰੀ ਮੁੱਖ ਮੰਤਰੀ ਨਾਲੋਂ ਅਮੀਰ ਹਨ।

ਕੈਬਨਿਟ ਸਕੱਤਰੇਤ ਵਿਭਾਗ ਦੀ ਵੈੱਬਸਾਈਟ ਉਤੇ ਅਪਲੋਡ ਕੀਤੇ ਗਏ ਖੁਲਾਸੇ ਮੁਤਾਬਕ ਕੁਮਾਰ ਕੋਲ ਲਗਭਗ 17.66 ਲੱਖ ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਕੋਲ 1.48 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਨਵੀਂ ਦਿੱਲੀ ਦੇ ਦਵਾਰਕਾ ਵਿਖੇ ਇਕ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਮੁੱਖ ਮੰਤਰੀ ਦਾ ਸਿਰਫ ਇਕ ਰਿਹਾਇਸ਼ੀ ਫਲੈਟ ਹੈ। 2024 ਵਿਚ ਮੁੱਖ ਮੰਤਰੀ ਕੋਲ 1.64 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਸੀ। ਮੁੱਖ ਮੰਤਰੀ ਕੋਲ 13 ਵੱਛਿਆਂ ਦੇ ਨਾਲ 10 ਗਾਵਾਂ ਹਨ। ਖੁਲਾਸੇ ਮੁਤਾਬਕ ਮੁੱਖ ਮੰਤਰੀ ਕੋਲ 11.32 ਲੱਖ ਰੁਪਏ ਦੀ ਕਾਰ ਹੈ। 

ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਕੋਲ 1.35 ਲੱਖ ਰੁਪਏ ਨਕਦ ਹਨ, ਜਦਕਿ ਉਨ੍ਹਾਂ ਦੀ ਪਤਨੀ ਕੁਮਾਰੀ ਮਮਤਾ ਕੋਲ 35,000 ਰੁਪਏ ਨਕਦ ਹਨ। ਚੌਧਰੀ ਕੋਲ 4 ਲੱਖ ਰੁਪਏ ਦੀ ਰਾਈਫਲ ਵੀ ਹੈ। ਗੈਰ-ਖੇਤੀਬਾੜੀ ਜ਼ਮੀਨ ਸਮੇਤ ਉਨ੍ਹਾਂ ਦੀ ਅਚੱਲ ਜਾਇਦਾਦ ਦੀ ਕੀਮਤ 4.91 ਕਰੋੜ ਰੁਪਏ ਹੈ। ਇਕ ਹੋਰ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਕੋਲ 48.46 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਉਸ ਕੋਲ 77,181 ਰੁਪਏ ਦੀ ਰਿਵਾਲਵਰ ਵੀ ਹੈ। ਮੰਗਲ ਪਾਂਡੇ (ਸਿਹਤ), ਵਿਜੇ ਕੁਮਾਰ ਚੌਧਰੀ (ਸੰਸਦੀ ਮਾਮਲੇ), ਲੇਸ਼ੀ ਸਿੰਘ (ਖੁਰਾਕ ਅਤੇ ਖਪਤਕਾਰ ਸੁਰੱਖਿਆ), ਜ਼ਾਮਾ ਖਾਨ (ਘੱਟ ਗਿਣਤੀ ਭਲਾਈ ਵਿਭਾਗ), ਮਦਨ ਸਾਹਨੀ (ਸਮਾਜ ਭਲਾਈ), ਦਿਲੀਪ ਜੈਸਵਾਲ ਅਤੇ ਅਸ਼ੋਕ ਚੌਧਰੀ ਨੇ ਵੀ ਅਪਣੀ ਜਾਇਦਾਦ ਦਾ ਐਲਾਨ ਕੀਤਾ ਹੈ।