ਬੁਲੇਟ ਟਰੇਨ ਵਲ ਲਪਕ ਰਹੇ ਭਾਰਤ ਵਿਚ ਮੁੰਬਈ ਰੇਲਵੇ ਸਟੇਸ਼ਨ 'ਤੇ ਮਚੀ ਭਾਜੜ 'ਚ 22 ਹਲਾਕ



ਮੁੰਬਈ, 29 ਸਤੰਬਰ : ਮੁੰਬਈ ਵਿਚ ਰੇਲਵੇ ਸਟੇਸ਼ਨ ਦੇ ਫ਼ੁਟ ਓਵਰ ਬ੍ਰਿਜ 'ਤੇ ਅੱਜ ਸਵੇਰੇ ਜ਼ਬਰਦਸਤ ਭਾਜੜ ਮੱਚ ਜਾਣ ਕਾਰਨ 22 ਜਣਿਆਂ ਦੀ ਜਾਨ ਚਲੀ ਗਈ ਤੇ ਕਰੀਬ 36 ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਐਲਫ਼ਿੰਸਟਨ ਰੋਡ ਅਤੇ ਪਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਨ ਵਾਲੇ ਫ਼ੁਟ ਓਵਰਬ੍ਰਿਜ 'ਤੇ ਸਵੇਰੇ 10.30 ਵਜੇ ਵਾਪਰਿਆ। ਖ਼ਸਤਾਹਾਲ ਪੁਲ ਉਤੇ ਲੋਕਾਂ ਦੀ ਕਾਫ਼ੀ ਭੀੜ ਸੀ।

ਪਹਿਲਾਂ ਕਿਸੇ ਨੇ ਪੁਲ 'ਤੇ ਸ਼ਾਰਟ ਸਰਕਟ ਹੋਣ ਦੀ ਅਫ਼ਵਾਹ ਫੈਲਾ ਦਿਤੀ। ਜਦ ਲੋਕ ਇਧਰ-ਉਧਰ ਭੱਜਣ ਲੱਗੇ ਤਾਂ ਪੁਲ ਦਾ ਇਕ ਹਿੱਸਾ ਡਿੱਗ ਜਾਣ ਦੀ ਅਫ਼ਵਾਹ ਫੈਲ ਗਈ ਜਿਸ ਕਾਰਨ ਹਾਲਾਤ ਹੋਰ ਵਿਗੜ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜਦ ਹਾਦਸਾ ਵਾਪਰਿਆ, ਉਸ ਵਕਤ ਮੀਂਹ ਪੈ ਰਿਹਾ ਸੀ ਅਤੇ ਫ਼ੁਟ ਓਵਰਬ੍ਰਿਜ 'ਤੇ ਕਾਫ਼ੀ ਭੀੜ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਓਵਰਬ੍ਰਿਜ ਲਾਗੇ ਤੇਜ਼ ਆਵਾਜ਼ ਨਾਲ ਹੋਏ ਸ਼ਾਰਟ ਸਰਕਟ ਕਾਰਨ ਲੋਕਾਂ ਅੰਦਰ ਦਹਿਸ਼ਤ ਫੈਲ ਗਈ ਅਤੇ ਉਹ ਭੱਜਣ ਲੱਗੇ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਬਚਾਅ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰੇਲਵੇ, ਪੁਲਿਸ ਅਤੇ ਅੱਗ ਬੁਝਾਊ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਲੱਖਾਂ ਲੋਕ ਇਲਾਕੇ ਵਿਚ ਪੈਂਦੇ ਕਾਰਪੋਰੇਟ ਅਤੇ ਮੀਡੀਆ ਦਫ਼ਤਰਾਂ ਤੋਂ ਇਲਾਵਾ ਵਪਾਰਕ ਕੇਂਦਰ ਤਕ ਪਹੁੰਚਣ ਲਈ ਇਸੇ ਪੁਲ ਦੀ ਵਰਤੋਂ ਕਰਦੇ ਹਨ। ਭਾਰੀ ਗਿਣਤੀ ਵਿਚ ਲੋਕ ਪੌੜੀਆਂ ਅਤੇ ਦਹਾਕਿਆਂ ਪੁਰਾਣੇ ਇਸ ਪੁਲ ਵਿਚ ਫਸ ਗਏ। ਕਈ ਜਣਿਆਂ ਦੀ ਮੌਤ ਦਮ ਘੁੱਟਣ ਕਾਰਨ ਹੋਈ। ਥੱਲੇ ਪਲੇਟਫ਼ਾਰਮ 'ਤੇ ਖੜੇ ਲੋਕ ਬੇਵੱਸ ਹੋ ਕੇ ਸੱਭ ਕੁੱਝ ਵੇਖ ਰਹੇ ਸਨ। ਕਈ ਲੋਕਾਂ ਨੇ ਜੰਗਲੇ 'ਤੇ ਚੜ੍ਹ ਕੇ ਅਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਰਸਤੇ 'ਤੇ ਮੀਂਹ ਵਿਚ ਕਿਤੇ ਜਾ ਰਹੇ ਕਿਸ਼ੋਰ ਠੱਕਰ ਨੇ ਕਿਹਾ ਕਿ ਉਸ ਸਮੇਂ ਭਾਰੀ ਮੀਂਹ ਪੈ ਰਿਹਾ ਸੀ ਅਤੇ ਲੋਕ ਕਾਹਲੀ ਵਿਚ ਪੁਲ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਰੇਲ ਗੱਡੀਆਂ ਵਿਚੋਂ ਉਤਰਨ ਵਾਲੇ ਯਾਤਰੀ ਪੁਲਿਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ।

ਰੇਲਵੇ ਸੁਰੱਖਿਆ ਬਲ ਦੇ ਮੁਖੀ ਅਤੁਲ ਸ੍ਰੀਵਾਸਤਵ ਨੇ ਕਿਹਾ, 'ਓਵਰਬ੍ਰਿਜ ਉਤੇ ਬਹੁਤ ਭੀੜ ਸੀ ਅਤੇ ਮੀਂਹ ਕਾਰਨ ਉਥੇ ਤਿਲਕਣ ਵੀ ਹੋ ਗਈ ਸੀ। ਇਸ ਕਾਰਨ ਭਾਜੜ ਮਚ ਗਈ।' ਰੇਲਵੇ ਦੇ ਬੁਲਾਰੇ ਅਨਿਲ ਸਕਸੈਨਾ ਨੇ ਕਿਹਾ, 'ਅਚਾਨਕ ਮੀਂਹ ਪੈਣ ਕਾਰਨ ਲੋਕ ਸਟੇਸ਼ਨ 'ਤੇ ਉਡੀਕ ਕਰ ਰਹੇ ਸਨ। ਜਦ ਮੀਂਹ ਰੁਕਿਆ ਤਾਂ ਲੋਕ ਕਾਹਲੀ ਵਿਚ ਨਿਕਲਣ ਲੱਗੇ ਜਿਸ ਕਾਰਨ ਭਾਜੜ ਮਚ ਗਈ।' ਜ਼ਖਮੀਆਂ ਵਿਚ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਵੇਰੇ ਹੀ ਮੁੰਬਈ ਪਹੁੰਚੇ ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਮੁੰਬਈ ਵਿਚ 100 ਹੋਰ ਉਪਨਗਰੀ ਸੇਵਾਵਾਂ ਦਾ ਉਦਘਾਟਨ ਰੱਦ ਕਰ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। (ਏਜੰਸੀ)
ਇਹ ਹਾਦਸਾ ਵਾਪਰਨਾ ਹੀ ਸੀ…
ਕਈ ਯਾਤਰੀਆਂ ਨੇ ਕਿਹਾ ਕਿ ਕਿਸੇ ਨਾ ਕਿਸੇ ਦਿਨ ਇਹ ਹਾਦਸਾ ਹੋਣਾ ਹੀ ਸੀ ਕਿਉਂਕਿ ਪੁਲ ਦੀ ਖ਼ਸਤਾ ਹਾਲਤ ਬਾਬਤ ਰੇਲਵੇ ਪ੍ਰਸ਼ਾਸਨ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਗਈਆਂ ਸਨ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿਤਾ। ਜੇ ਸਮੇਂ ਸਿਰ ਧਿਆਨ ਦਿਤਾ ਹੁੰਦਾ ਤਾਂ ਏਨਾ ਵੱਡਾ ਹਾਦਸਾ ਨਾ ਹੁੰਦਾ। ਇਸ ਹਾਦਸੇ ਲਈ ਮੀਂਹ ਤੇ ਸ਼ਾਰਟ ਸਰਕਟ ਨੂੰ ਵੀ ਕਾਰਨ ਦਸਿਆ ਜਾ ਰਿਹਾ ਹੈ। ਰੇਲਵੇ ਨੇ ਕਿਹਾ ਹੈ ਕਿ ਮੀਂਹ ਤੋਂ ਬਚਣ ਲਈ ਲੋਕ ਪੁਲ 'ਤੇ ਇਕੱਠੇ ਹੋ ਗਏ ਸਨ ਤੇ ਅਫ਼ਵਾਹ ਕਾਰਨ ਭਾਜੜ ਮਚ ਗਈ।

ਪੁਲ ਨੂੰ ਚੌੜਾ ਕਰਨ ਲਈ ਲਿਖੀ ਗਈ ਸੀ ਚਿੱਠੀ ਪਰ ਸੁਰੇਸ਼ ਪ੍ਰਭੂ ਨੇ ਕਿਹਾ ਸੀ ਕਿ ਫ਼ੰਡ ਨਹੀਂਸ਼ਿਵ ਸੈਨਾ ਦੇ ਦੋ ਸੰਸਦ ਮੈਂਬਰਾਂ ਅਰਵਿੰਦ ਸਾਵੰਤ ਅਤੇ ਰਾਹੁਲ ਨੇ 2015-16 ਵਿਚ ਇਸ ਪੁਲ ਨੂੰ ਚੌੜਾ ਕਰਨ ਲਈ ਚਿੱਠੀ ਲਿਖੀ ਸੀ। ਚਿੱਠੀ ਦੇ ਜਵਾਬ ਵਿਚ ਵੇਲੇ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਸੀ ਕਿ ਰੇਲਵੇ ਕੋਲ ਇਸ ਵਾਸਤੇ ਫ਼ੰਡ ਨਹੀਂ ਹਨ। ਉਨ੍ਹਾਂ ਕਿਹਾ ਕਿ ਗਲੋਬਲ ਮਾਰਕੀਟ ਵਿਚ ਮੰਦੀ ਹੈ, ਤੁਹਾਡੀ ਸ਼ਿਕਾਇਤ ਤਾਂ ਸਹੀ ਹੈ ਪਰ ਹਾਲੇ ਫ਼ੰਡਾਂ ਦੀ ਕਮੀ ਹੈ। ਅੱਜ ਕੇਂਦਰ ਸਰਕਾਰ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਨਵਾਂ ਬ੍ਰਿਜ ਬਣਾਉਣ ਦੀ ਪ੍ਰਵਾਨਗੀ ਮਿਲ ਚੁਕੀ ਹੈ। ਕਿਹਾ ਗਿਆ ਕਿ ਪ੍ਰਵਾਨਗੀ ਤਾਂ ਉਦੋਂ ਹੀ ਮਿਲ ਗਈ ਸੀ ਪਰ ਹਾਲੇ ਟੈਂਡਰ ਦੀ ਕਵਾਇਦ ਚੱਲ ਰਹੀ ਹੈ।


        ਸੰਸਦ ਮੈਂਬਰ ਸਾਵੰਤ ਨੇ 2014 ਵਿਚ ਵੀ ਯੂਪੀਏ ਸਰਕਾਰ ਦੇ ਪਹਿਲੇ ਰੇਲ ਮੰਤਰੀ ਸਦਾਨੰਦ ਗੌੜਾ ਨੂੰ ਵੀ ਚਿੱਠੀ ਲਿਖੀ ਸੀ ਪਰ ਉਦੋਂ ਵੀ ਮੰਤਰੀ ਨੇ ਇਸ ਪਾਸੇ ਕੋਈ ਧਿਆਨ ਨਾ ਦਿਤਾ।