ਅੱਠ ਮਹੀਨਿਆਂ ’ਚ ਪਹਿਲੀ ਵਾਰੀ ਘਟੀ ਬਿਜਲੀ ਦੀ ਖਪਤ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਦੀ ਬਿਜਲੀ ਖਪਤ ਦਸੰਬਰ ’ਚ 2.3 ਫੀ ਸਦੀ ਘਟ ਕੇ 119.07 ਅਰਬ ਯੂਨਿਟ ਰਹਿ ਗਈ

Representative image.

ਨਵੀਂ ਦਿੱਲੀਦੇਸ਼ ਦੀ ਬਿਜਲੀ ਖਪਤ ਦਸੰਬਰ ’ਚ 2.3 ਫੀ ਸਦੀ ਘੱਟ ਕੇ 119.07 ਅਰਬ ਯੂਨਿਟ ਰਹਿ ਗਈ। ਪਿਛਲੇ ਅੱਠ ਮਹੀਨਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹੀਨੇ ’ਚ ਬਿਜਲੀ ਦੀ ਖਪਤ ਘੱਟ ਹੋਈ ਹੈ। ਇਸ ਦਾ ਕਾਰਨ ਮੁੱਖ ਤੌਰ ’ਤੇ ਹਲਕੀ ਠੰਢ ਕਾਰਨ ਗਰਮੀ ਪ੍ਰਦਾਨ ਕਰਨ ਵਾਲੇ ਉਪਕਰਣਾਂ ਦੀ ਮੰਗ ਦਾ ਘਟ ਹੋਣਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਅਪ੍ਰੈਲ ’ਚ ਬਿਜਲੀ ਦੀ ਖਪਤ 1.5 ਫੀ ਸਦੀ ਘੱਟ ਕੇ 132.02 ਅਰਬ ਯੂਨਿਟ ਰਹੀ ਸੀ। ਦਸੰਬਰ 2022 ’ਚ ਬਿਜਲੀ ਦੀ ਖਪਤ 121.91 ਅਰਬ ਯੂਨਿਟ ਸੀ। ਇਹ ਇਸ ਤੋਂ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 109.17 ਅਰਬ ਇਕਾਈਆਂ ਤੋਂ ਵੱਧ ਸੀ। 

ਦਸੰਬਰ ’ਚ ਬਿਜਲੀ ਦੀ ਸਿਖਰਲੀ ਦੀ ਮੰਗ 213.62 ਗੀਗਾਵਾਟ (1 ਗੀਗਾਵਾਟ 1,000 ਮੈਗਾਵਾਟ ਦੇ ਬਰਾਬਰ) ਸੀ। ਜਦਕਿ 2022 ’ਚ ਇਹ 205.10 ਗੀਗਾਵਾਟ ਅਤੇ ਦਸੰਬਰ, 2021 ’ਚ ਇਹ 189.24 ਗੀਗਾਵਾਟ ਸੀ। 

ਮਾਹਰਾਂ ਮੁਤਾਬਕ ਦਸੰਬਰ ਦੇ ਪਹਿਲੇ ਪੰਦਰਵਾੜੇ ’ਚ ਹਲਕੀ ਠੰਡ ਕਾਰਨ ਬਿਜਲੀ ਦੀ ਖਪਤ ਦੇ ਨਾਲ-ਨਾਲ ਮੰਗ ਵੀ ਘੱਟ ਰਹੀ। ਹਾਲਾਂਕਿ, ਮਹੀਨੇ ਦੀ ਦੂਜੀ ਛਿਮਾਹੀ ’ਚ ਪਾਰੇ ’ਚ ਭਾਰੀ ਗਿਰਾਵਟ ਤੋਂ ਬਾਅਦ ਖਪਤ ਅਤੇ ਮੰਗ ’ਚ ਤੇਜ਼ੀ ਆਈ, ਖ਼ਾਸਕਰ ਉੱਤਰੀ ਭਾਰਤ ’ਚ। 

ਅੰਕੜਿਆਂ ਮੁਤਾਬਕ 29 ਦਸੰਬਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 213.62 ਗੀਗਾਵਾਟ ਤਕ ਪਹੁੰਚ ਗਈ। 3 ਦਸੰਬਰ ਨੂੰ ਇਹ 174.16 ਗੀਗਾਵਾਟ ਸੀ। ਇਹ 14 ਦਸੰਬਰ, 2023 ਨੂੰ 200.56 ਗੀਗਾਵਾਟ ਤਕ ਪਹੁੰਚ ਗਿਆ।

ਬਿਜਲੀ ਮੰਤਰਾਲੇ ਨੇ ਗਰਮੀਆਂ ’ਚ ਭਾਰਤ ਦੀ ਚੋਟੀ ਦੀ ਬਿਜਲੀ ਦੀ ਮੰਗ 229 ਮੈਗਾਵਾਟ ਨੂੰ ਛੂਹਣ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ ਬੇਮੌਸਮੀ ਬਾਰਸ਼ ਕਾਰਨ ਅਪ੍ਰੈਲ-ਜੁਲਾਈ ਦੌਰਾਨ ਮੰਗ ਇਸ ਪੱਧਰ ’ਤੇ ਨਹੀਂ ਪਹੁੰਚੀ। 

ਹਾਲਾਂਕਿ, ਬਿਜਲੀ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਸਪਲਾਈ ਜੂਨ ’ਚ 224.1 ਗੀਗਾਵਾਟ ਤਕ ਪਹੁੰਚ ਗਈ, ਜੋ ਜੁਲਾਈ ’ਚ 209.03 ਗੀਗਾਵਾਟ ਸੀ। ਅਗੱਸਤ ’ਚ ਵੱਧ ਤੋਂ ਵੱਧ ਮੰਗ 238.82 ਗੀਗਾਵਾਟ ਅਤੇ ਸਤੰਬਰ 2023 ’ਚ 243.27 ਗੀਗਾਵਾਟ ਸੀ। ਅਕਤੂਬਰ ਅਤੇ ਨਵੰਬਰ ਵਿਚ ਇਹ ਕ੍ਰਮਵਾਰ 222.16 ਗੀਗਾਵਾਟ ਅਤੇ 204.86 ਗੀਗਾਵਾਟ ਸੀ। ਮਾਹਰਾਂ ਦਾ ਕਹਿਣਾ ਹੈ ਕਿ ਆਰਥਕ ਗਤੀਵਿਧੀਆਂ ’ਚ ਵਾਧੇ ਅਤੇ ਠੰਡ ਵਧਣ ਨਾਲ ਆਉਣ ਵਾਲੇ ਮਹੀਨਿਆਂ ’ਚ ਬਿਜਲੀ ਦੀ ਖਪਤ ਵਧਣ ਦੀ ਸੰਭਾਵਨਾ ਹੈ।