ਮੋਦੀ ਸਰਕਾਰ ਦਾ ਅੰਤਰਿਮ ਬਜਟ ਵਿਕਾਸ ਮੁਖੀ ਅਤੇ ਵਿਕਸਤ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਦਾ ਹੈ: ਤਰੁਣ ਚੁੱਘ 

ਏਜੰਸੀ

ਖ਼ਬਰਾਂ, ਵਪਾਰ

ਅੰਤਰਿਮ ਬਜਟ ਆਉਣ ਵਾਲੇ ਸਾਲਾਂ ਲਈ ਇਕ ਮਜ਼ਬੂਤ ਨੀਂਹ ਹੈ ਅਤੇ ਦੇਸ਼ ਦੇ ਹਰ ਖੇਤਰ ਨੂੰ ਮਜ਼ਬੂਤ ਕਰੇਗਾ

Traun Chugh

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਜਾਰੀ ਕੇਂਦਰ ਸਰਕਾਰ ਦੇ ਅੰਤਰਿਮ ਬਜਟ ’ਤੇ ਅਪਣੀ ਪ੍ਰਤੀਕਿਰਿਆ ਦਿਤੀ। ਉਨ੍ਹਾਂ ਨੇ ਬਜਟ ਨੂੰ ਵਿਕਾਸਮੁਖੀ ਦਸਿਆ। 

ਚੁੱਘ ਨੇ ਕਿਹਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ’ਚ ਦੇਸ਼ ਦੀ ਵਿਕਾਸ ਗਤੀ ’ਚ ਬੇਮਿਸਾਲ ਵਾਧਾ ਹੋਇਆ ਹੈ। ਸਾਲਾਂ ਤੋਂ ਰੁਕੀਆਂ ਯੋਜਨਾਵਾਂ ਅਤੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿਤੀ ਗਈ ਅਤੇ ਅੱਜ ਉਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਡੇ ਸਾਹਮਣੇ ਹਨ। ਚੁੱਘ ਨੇ ਕਿਹਾ ਕਿ ਇਸ ਬਜਟ ’ਤੇ ਦੇਸ਼ ਦੇ ਬਿਹਤਰ ਅਤੇ ਵਿਕਸਤ ਭਾਰਤ ਦੇ ਸੁਪਨੇ ਦੀ ਛਾਪ ਵੀ ਹੈ, ਅਗਲੇ 2047 ਤਕ ਭਾਰਤ ਨੂੰ ਕਿਵੇਂ ਵਿਕਸਤ ਕੀਤਾ ਜਾਵੇ, ਇਹ ਵੀ ਮੋਦੀ ਸਰਕਾਰ ਨੇ ਇਸ ਅੰਤਰਿਮ ਬਜਟ ’ਚ ਜ਼ਾਹਰ ਕੀਤਾ ਹੈ। 

ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਲਖਪਤੀ ਦੀਦੀ ਬਣਾਉਣ ਦੇ ਸੁਪਨੇ ਨਾਲ ਦੇਸ਼ ਦੀਆਂ ਕਰੋੜਾਂ ਔਰਤਾਂ ਨੂੰ ਆਰਥਕ ਅਤੇ ਸਮਾਜਕ ਸਸ਼ਕਤੀਕਰਨ ਦੇ ਦਾਇਰੇ ’ਚ ਲਿਆਂਦਾ ਹੈ, ਉਸੇ ਤਰ੍ਹਾਂ ਇਸ ਬਜਟ ’ਚ ਇਸ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਸਮਾਜਕ ਮਾਨਵਤਾ ਦੇ ਵਿਕਾਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਇਸ ਦੀ ਚਿੰਤਾ ਵੀ ਇਸ ਬਜਟ ’ਚ ਉਠਾਈ ਗਈ ਹੈ। 

ਚੁੱਘ ਨੇ ਕਿਹਾ ਕਿ ਇਹ ਅੰਤਰਿਮ ਬਜਟ ਆਉਣ ਵਾਲੇ ਸਾਲਾਂ ਲਈ ਇਕ ਮਜ਼ਬੂਤ ਨੀਂਹ ਹੈ ਅਤੇ ਦੇਸ਼ ਦੇ ਹਰ ਖੇਤਰ ਨੂੰ ਮਜ਼ਬੂਤ ਕਰੇਗਾ। ਚੁੱਘ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕ ਔਰਤਾਂ ਲਈ ਉੱਜਵਲਾ ਯੋਜਨਾ, ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਨੌਜੁਆਨਾਂ ਲਈ ਸਟਾਰਟ ਅੱਪ, ਸਟੈਂਡ ਅੱਪ, ਨਲ ਜਲ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਆਯੁਸ਼ਮਾਨ ਭਾਰਤ ਤੋਂ ਦੇਸ਼ ਦੇ ਹਰ ਨਾਗਰਿਕ ਨੂੰ ਲਾਭ ਪਹੁੰਚਾ ਰਹੇ ਹਨ।