ਐਲਾਨ ਤੋਂ 9 ਮਹੀਨੇ ਬਾਅਦ ਵੀ RBI ’ਚ ਨਾ ਪਰਤ ਸਕੇ ਸਾਰੇ 2000 ਦੇ ਨੋਟ, ਜਾਣੋ ਕਿੰਨੇ ਨੋਟ ਅਜੇ ਵੀ ਲੋਕਾਂ ਦੀਆਂ ਜੇਬਾਂ ’ਚ 

ਏਜੰਸੀ

ਖ਼ਬਰਾਂ, ਵਪਾਰ

2,000 ਰੁਪਏ ਦੇ ਨੋਟਾਂ ’ਚੋਂ 97.62 ਫੀ ਸਦੀ ਬੈਂਕਾਂ ’ਚ ਵਾਪਸ ਆਏ : ਆਰ.ਬੀ.ਆਈ. 

2000

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਨੋਟਾਂ ’ਚੋਂ ਲਗਭਗ 97.62 ਫੀ ਸਦੀ ਨੋਟ ਬੈਂਕਾਂ ’ਚ ਵਾਪਸ ਆ ਗਏ ਹਨ ਅਤੇ ਸਿਰਫ 8,470 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਮੌਜੂਦ ਹਨ। ਰਿਜ਼ਰਵ ਬੈਂਕ ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਬੈਂਕਾਂ ’ਚ ਜਮ੍ਹਾ ਕਰਵਾਉਣ ਜਾਂ ਉਨ੍ਹਾਂ ਦੀ ਥਾਂ ਹੋਰ ਮੁੱਲ ਦੇ ਨੋਟਾਂ ਨਾਲ ਬਦਲਣ ਲਈ ਕਿਹਾ ਗਿਆ। 

ਰਿਜ਼ਰਵ ਬੈਂਕ ਨੇ ਇਕ ਬਿਆਨ ’ਚ ਕਿਹਾ, ‘‘19 ਮਈ 2023 ਨੂੰ ਕਾਰੋਬਾਰ ਬੰਦ ਹੋਣ ’ਤੇ 2,000 ਰੁਪਏ ਦੇ ਕੁਲ 3.56 ਲੱਖ ਕਰੋੜ ਰੁਪਏ ਦੇ ਨੋਟ ਚਲਨ ’ਚ ਸਨ। 29 ਫ਼ਰਵਰੀ, 2024 ਨੂੰ ਕਾਰੋਬਾਰ ਦੀ ਸਮਾਪਤੀ ’ਤੇ ਇਸ ਮੁੱਲ ਦੇ ਨੋਟਾਂ ਦੀ ਕੀਮਤ ਘਟ ਕੇ 8,470 ਕਰੋੜ ਰੁਪਏ ਰਹਿ ਗਈ ਹੈ।’’

ਇਸ ਤਰ੍ਹਾਂ 2,000 ਰੁਪਏ ਦੇ ਕੁਲ ਨੋਟਾਂ ’ਚੋਂ 97.62 ਫੀ ਸਦੀ ਵਾਪਸ ਆ ਗਏ ਹਨ। ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਸਪੱਸ਼ਟ ਕੀਤਾ ਕਿ 2,000 ਰੁਪਏ ਦੇ ਨੋਟ ਲੀਗਲ ਟੈਂਡਰ ਬਣੇ ਰਹਿਣਗੇ। ਆਰ.ਬੀ.ਆਈ. ਦੇਸ਼ ਭਰ ’ਚ ਅਪਣੇ 19 ਦਫਤਰਾਂ ’ਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਲੋਕ ਇਨ੍ਹਾਂ ਨੋਟਾਂ ਨੂੰ ਕਿਸੇ ਵੀ ਡਾਕਘਰ ਤੋਂ ਇੰਡੀਆ ਪੋਸਟ ਰਾਹੀਂ ਆਰ.ਬੀ.ਆਈ. ਦੇ ਕਿਸੇ ਵੀ ਦਫਤਰ ਨੂੰ ਭੇਜ ਸਕਦੇ ਹਨ। 

ਆਰ.ਬੀ.ਆਈ. ਨੇ ਪਹਿਲਾਂ ਕਿਹਾ ਸੀ ਕਿ ਵਿਅਕਤੀ ਅਤੇ ਸੰਸਥਾਵਾਂ 30 ਸਤੰਬਰ, 2023 ਤਕ ਬੈਂਕਾਂ ’ਚ ਜਾ ਕੇ ਇਨ੍ਹਾਂ ਨੋਟਾਂ ਨੂੰ ਬਦਲ ਜਾਂ ਜਮ੍ਹਾਂ ਕਰਵਾ ਸਕਦੀਆਂ ਹਨ। ਬਾਅਦ ’ਚ ਇਹ ਸਮਾਂ ਸੀਮਾ ਵਧਾ ਕੇ 7 ਅਕਤੂਬਰ, 2023 ਕਰ ਦਿਤੀ ਗਈ ਸੀ। ਹਾਲਾਂਕਿ, 8 ਅਕਤੂਬਰ, 2023 ਤੋਂ ਲੋਕਾਂ ਨੂੰ ਆਰ.ਬੀ.ਆਈ. ਦੇ 19 ਦਫਤਰਾਂ ’ਚ ਕਰੰਸੀ ਬਦਲਣ ਜਾਂ ਅਪਣੇ ਬੈਂਕ ਖਾਤਿਆਂ ’ਚ ਰਕਮ ਜਮ੍ਹਾਂ ਕਰਵਾਉਣ ਦਾ ਬਦਲ ਦਿਤਾ ਗਿਆ ਹੈ। 

ਇਹ ਸਹੂਲਤ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ’ਚ ਆਰ.ਬੀ.ਆਈ. ਦਫ਼ਤਰਾਂ ’ਚ ਉਪਲਬਧ ਹੈ। ਆਰ.ਬੀ.ਆਈ. ਨੇ ਨਵੰਬਰ 2016 ’ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ 2,000 ਰੁਪਏ ਦੇ ਨੋਟ ਜਾਰੀ ਕੀਤੇ ਸਨ।