ਫ਼ੀਸ ਦਾ ਭੁਗਤਾਨ ਨਾ ਕਰਨ ਵਾਲੀਆਂ ਕੰਪਨੀਆਂ ’ਤੇ ਚਲਿਆ Google ਦਾ ਡੰਡਾ, ਇਹ Apps ਹੋਈਆਂ Play Store ਤੋਂ ਗ਼ਾਇਬ

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਇਹ ਕੰਪਨੀਆਂ ਵਿਕਰੀ ’ਤੇ ਲਾਗੂ Play Store ਸਰਵਿਸ ਚਾਰਜ ਦਾ ਭੁਗਤਾਨ ਨਹੀਂ ਕਰ ਰਹੀਆਂ

Google Play Store

ਨਵੀਂ ਦਿੱਲੀ: ਗੂਗਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਕਈ ਮਸ਼ਹੂਰ ਫ਼ਰਮਾਂ ਸਮੇਤ ਬਹੁਤ ਸਾਰੀਆਂ ਕੰਪਨੀਆਂ ਉਸ ਦੇ ‘ਬਿਲਿੰਗ’ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਹ ਕੰਪਨੀਆਂ ਵਿਕਰੀ ’ਤੇ ਲਾਗੂ Play Store ਸਰਵਿਸ ਚਾਰਜ ਦਾ ਭੁਗਤਾਨ ਨਹੀਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਗੂਗਲ ਨੇ ਚੇਤਾਵਨੀ ਦਿਤੀ ਕਿ ਉਹ ਗੂਗਲ ਪਲੇਅ ’ਤੇ ਅਜਿਹੀਆਂ ਗੈਰ-ਪਾਲਣਾ ਕਰਨ ਵਾਲੀਆਂ Apps ਨੂੰ ਹਟਾਉਣ ਤੋਂ ਪਿੱਛੇ ਨਹੀਂ ਹਟੇਗਾ। ਕੰਪਨੀ ਨੇ ਕਿਹਾ ਕਿ ਨੀਤੀਆਂ ਨੂੰ ਲਾਗੂ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। 

ਗੂਗਲ ਪਲੇਅ ਦੀ ‘ਬਿਲਿੰਗ’ ਨੀਤੀ ਅਤੇ ਹਾਲ ਹੀ ’ਚ ਲਾਂਚ ਕੀਤੇ ਗਏ ਸਵਦੇਸ਼ੀ ਐਪ ਸਟੋਰ ‘ਇੰਡਸ ਐਪਸਟੋਰ’ ਦੀ ਸ਼ੁਰੂਆਤ ਅਤੇ ਕੁੱਝ ਪ੍ਰਮੁੱਖ ਭਾਰਤੀ ਸਟਾਰਟਅੱਪਸ ਵਲੋਂ ਗੂਗਲ ਦੀ ਬਿਲਿੰਗ ਨੀਤੀ ’ਤੇ ਇਤਰਾਜ਼ ਜਤਾਉਣ ਦੇ ਪਿਛੋਕੜ ’ਚ ਗੂਗਲ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਜ਼ਿਆਦਾਤਰ ਡਿਵੈਲਪਰ ਅਪਣੇ ਵਾਜਬ ਹਿੱਸੇ ਦਾ ਭੁਗਤਾਨ ਕਰ ਰਹੇ ਹਨ ਪਰ ਇਕ ਛੋਟਾ ਸਮੂਹ ਉਸ ਦਾ ਕਹਿਣਾ ਨਹੀਂ ਮੰਨ ਰਿਹਾ ਹੈ। 

ਗੂਗਲ ਨੇ ਕਿਹਾ ਕਿ ਇਨ੍ਹਾਂ ਡਿਵੈਲਪਰਾਂ ਨੂੰ ਤਿਆਰੀ ਲਈ ਤਿੰਨ ਸਾਲ ਤੋਂ ਵੱਧ ਦਾ ਸਮਾਂ ਦਿਤਾ ਗਿਆ ਸੀ। ਇਸ ’ਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਦਿਤਾ ਗਿਆ ਤਿੰਨ ਹਫ਼ਤਿਆਂ ਦਾ ਸਮਾਂ ਵੀ ਸ਼ਾਮਲ ਹੈ। ਗੂਗਲ ਨੇ ਕਿਹਾ ਕਿ ਇਸ ਤੋਂ ਬਾਅਦ ਹੁਣ ਉਹ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ ਕਿ ਉਸ ਦੀਆਂ ਨੀਤੀਆਂ ਸਾਰਿਆਂ ’ਤੇ ਬਰਾਬਰ ਲਾਗੂ ਹੋਣ। ਕੰਪਨੀ ਨੇ ਕਿਹਾ ਕਿ ਲੋੜ ਪੈਣ ’ਤੇ ਗੂਗਲ ਪਲੇਅ ਤੋਂ ਗੈਰ-ਪਾਲਣਾ ਕਰਨ ਵਾਲੇ ਐਪਸ ਨੂੰ ਹਟਾਇਆ ਜਾ ਸਕਦਾ ਹੈ। 

ਅਜਿਹੀਆਂ ਵੀ ਖ਼ਬਰਾਂ ਹਨ ਕਿ ਗੂਗਲ ਨੇ ਅਪਣੇ ਪਲੇਸਟੋਰ ਤੋਂ ਸ਼ੁਕਰਵਾਰ ਨੂੰ Quack Quack, Altt, Aha ਅਤੇ Shaadi.com ਵਰਗੀਆਂ ਐਪਸ ਨੂੰ ਹਟਾ ਵੀ ਦਿਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪਲੇਸਟੋਰ ’ਤੇ ਕਈ ਐਪਸ ਚਲਾਉਣ ਵਾਲੀ ਇਕ ਵੱਡੀ ਕੰਪਨੀ ਇਨਫ਼ੋ ਐਜ ਨੇ ਕਿਹਾ ਹੈ ਕਿ ਉਸ ਦੇ ਸਿਰ ਗੂਗਲ ਦਾ ਕੋਈ ਬਕਾਇਆ ਨਹੀਂ ਹੈ।