ਉਡਾਨਾਂ 'ਚ ਜਲਦੀ ਸ਼ੁਰੂ ਹੋ ਸਕਦੀ ਹੈ ਵਾਈਫ਼ਾਈ ਸੇਵਾ
ਜਹਾਜ਼ ਮੁਸਾਫ਼ਰਾਂ ਨੂੰ ਛੇਤੀ ਹੀ ਉਡਾਨਾਂ 'ਚ ਵਾਈਫ਼ਾਈ ਸੇਵਾ ਮਿਲ ਸਕਦੀ ਹੈ ਕਿਉਂਕਿ ਦੂਰਸੰਚਾਰ ਕਮਿਸ਼ਨ ਨੇ ਇਸ ਸਬੰਧ 'ਚ ਅਜ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ...
ਨਵੀਂ ਦਿੱਲੀ, 1 ਮਈ : ਜਹਾਜ਼ ਮੁਸਾਫ਼ਰਾਂ ਨੂੰ ਛੇਤੀ ਹੀ ਉਡਾਨਾਂ 'ਚ ਵਾਈਫ਼ਾਈ ਸੇਵਾ ਮਿਲ ਸਕਦੀ ਹੈ ਕਿਉਂਕਿ ਦੂਰਸੰਚਾਰ ਕਮਿਸ਼ਨ ਨੇ ਇਸ ਸਬੰਧ 'ਚ ਅਜ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਦੂਰਸੰਚਾਰ ਕਮਿਸ਼ਨ ਦੇ ਫ਼ੈਸਲੇ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਭਾਰਤੀ ਉਡਾਨਾਂ ਦੇ ਲਿਹਾਜ਼ ਨਾਲ ਦਿਲਚਸਪ ਸਮਾਂ ਆਉਣ ਵਾਲਾ ਹੈ ਕਿਉਂਕਿ ਦੂਰਸੰਚਾਰ ਕਮਿਸ਼ਨ ਨੇ ਭਾਰਤੀ ਭਾਰਤੀ ਹਵਾਈ ਖੇਤਰ 'ਚ ਡਾਟਾ ਅਤੇ ਕਾਲਿੰਗ ਸੇਵਾਵਾਂ ਨੂੰ ਮਨਜ਼ੂਰੀ ਦੇ ਦਿਤੀ ਹੈ।
ਮੰਤਰੀ ਨੇ ਕਿਹਾ ਕਿ ਉਹ ਨਿਸ਼ਚਿਤ ਕਰਣਗੇ ਕਿ ਪ੍ਰਸਤਾਵ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ ਕਿਉਂਕਿ ਸਰਕਾਰ ਜਹਾਜ਼ ਮੁਸਾਫ਼ਰਾਂ ਲਈ ਸੇਵਾਵਾਂ ਸੁਧਾਰਣ ਅਤੇ ਉਨ੍ਹਾਂ ਦੀ ਯਾਤਰਾ ਨੂੰ ਖੁਸ਼ਨੁਮਾ ਅਤੇ ਰੁਕਾਵਟ ਮੁਕਤ ਬਣਾਉਣ ਲਈ ਪ੍ਰਤਿਬੱਧ ਹੈ।
ਸੂਤਰਾਂ ਮੁਤਾਬਕ, ਸੇਵਾਵਾਂ ਲਈ ਕੀਮਤ ਤੈਅ ਕਰਨ ਸਬੰਧਤ ਏਅਰਲਾਈਨ 'ਤੇ ਨਿਰਭਰ ਕਰੇਗਾ। ਗ੍ਰਹਿ ਮੰਤਰਾਲਾ ਪਹਿਲਾਂ ਹੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਚੁਕਿਆ ਹੈ। ਦੂਰਸੰਚਾਰ ਵਿਭਾਗ ਨੇ ਪਿਛਲੇ ਸਾਲ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟੀਆਰਏਆਈ) ਵਲੋਂ ਉਡਾਨਾਂ 'ਚ ਡਾਟਾ ਅਤੇ ਕਾਲਿੰਗ ਸੇਵਾਵਾਂ ਉਪਲਬਧ ਕਰਾਉਣ ਲਈ ਲਾਇਸੈਂਸ ਦੀਆਂ ਸ਼ਰਤਾਂ ਅਤੇ ਤੌਰ ਤਰੀਕੇ ਨੂੰ ਲੈ ਕੇ ਸਫ਼ਾਰੀਸ਼ਾਂ ਦੇਣ ਨੂੰ ਕਿਹਾ ਸੀ।