LPG Cylinder Price Hike : ਤਿਉਹਾਰਾਂ ਤੋਂ ਪਹਿਲਾਂ ਗੈਸ ਸਿਲੰਡਰ ਹੋਇਆ ਮਹਿੰਗਾ, LPG ਦੀ ਕੀਮਤ 'ਚ ਇੰਨੇ ਰੁਪਏ ਦਾ ਵਾਧਾ
ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ 48.50 ਰੁਪਏ ਪ੍ਰਤੀ ਸਿਲੰਡਰ ਹੋਇਆ ਹੈ
LPG Cylinder Price Hike : ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਸਵੇਰੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ 48.50 ਰੁਪਏ ਪ੍ਰਤੀ ਸਿਲੰਡਰ ਹੋਇਆ ਹੈ।
ਯਾਨੀ ਕਿ 1 ਅਕਤੂਬਰ 2024 ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ LPG ਸਿਲੰਡਰ ਦੀਆਂ ਕੀਮਤਾਂ ਸਿਰਫ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਵਧੀਆਂ ਹਨ। ਤੇਲ ਕੰਪਨੀਆਂ ਨੇ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
ਕੀਮਤਾਂ ਵਧਣ ਤੋਂ ਬਾਅਦ ਨਵੀਆਂ ਕੀਮਤਾਂ ਵੀ ਸਾਹਮਣੇ ਆ ਗਈਆਂ ਹਨ। ਉਨ੍ਹਾਂ ਮੁਤਾਬਕ ਰਾਜਧਾਨੀ ਦਿੱਲੀ 'ਚ ਸਿਲੰਡਰ ਦੀ ਕੀਮਤ 1691.50 ਰੁਪਏ ਤੋਂ ਵਧ ਕੇ 1740 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਕੋਲਕਾਤਾ 'ਚ 19 ਕਿਲੋ ਦੇ LPG ਸਿਲੰਡਰ ਦੀ ਕੀਮਤ ਹੁਣ 1850.50 ਰੁਪਏ ਹੋ ਗਈ ਹੈ। ਇੱਥੇ ਕੀਮਤਾਂ ਵਿੱਚ 48 ਰੁਪਏ ਦਾ ਵਾਧਾ ਹੋਇਆ ਹੈ।
ਮੁੰਬਈ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1692 ਰੁਪਏ ਹੋ ਗਈ ਹੈ ਅਤੇ ਇਸ ਵਿੱਚ 48 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਮਹੀਨੇ ਸਤੰਬਰ ਵਿੱਚ ਇਸ ਦਾ ਰੇਟ 1644 ਰੁਪਏ ਸੀ। ਚੇਨਈ 'ਚ 19 ਕਿਲੋ ਦੇ LPG ਸਿਲੰਡਰ ਦੀ ਕੀਮਤ ਹੁਣ 1903 ਰੁਪਏ ਹੋ ਗਈ ਹੈ ਅਤੇ ਇਸ 'ਚ 48 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਮਹੀਨੇ ਸਤੰਬਰ ਵਿੱਚ ਇਸ ਦਾ ਰੇਟ 1855 ਰੁਪਏ ਸੀ।
ਦੱਸ ਦੇਈਏ ਕਿ 14.2 ਕਿਲੋਗ੍ਰਾਮ ਵਜ਼ਨ ਵਾਲੇ ਆਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਣ ਕਾਰਨ ਬਾਹਰ ਦਾ ਖਾਣਾ ਜਾਂ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਵਿੱਚ ਖਾਣ ਪੀਣ ਦੇ ਰੇਟ ਵਧ ਸਕਦੇ ਹਨ ਕਿਉਂਕਿ ਇਨ੍ਹਾਂ ਥਾਵਾਂ 'ਤੇ ਵਪਾਰਕ ਐਲਪੀਜੀ ਗੈਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਵਾਰ ਅਕਤੂਬਰ ਤੋਂ ਤਿੰਨ ਮਹੀਨੇ ਹੋ ਗਏ ਹਨ ਜਦੋਂ ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੇ ਰੇਟ ਵਧਾਏ ਗਏ ਹਨ।