ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਟਾਟਾ ਸਟੀਲ ਦੇ ਸਾਬਕਾ MD ਦਾ ਦਿਹਾਂਤ

ਏਜੰਸੀ

ਖ਼ਬਰਾਂ, ਵਪਾਰ

ਟਾਟਾ ਸਟੀਲ ਨੇ ਇਕ ਬਿਆਨ 'ਚ ਕਿਹਾ, 'ਬਹੁਤ ਦੁਖੀ ਮੰਨ ਨਾਲ ਸੂਚਿਤ ਕਰ ਰਹੇ ਹਾਂ ਕਿ ਭਾਰਤ ਦੇ 'ਸਟੀਲ ਮੈਨ' ਦਾ ਦਿਹਾਂਤ ਹੋ ਗਿਆ ਹੈ”

Former Tata Steel MD Jamshed J Irani passes away

 

ਨਵੀਂ ਦਿੱਲੀ:  ਟਾਟਾ ਸਟੀਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਭਾਰਤ ਦੇ ‘ਸਟੀਲ ਮੈਨ’ ਵਜੋਂ ਜਾਣੇ ਜਾਂਦੇ ਜਮਸ਼ੇਦ ਜੇ ਇਰਾਨੀ ਦਾ ਸੋਮਵਾਰ ਰਾਤ ਜਮਸ਼ੇਦਪੁਰ ਵਿਚ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਟਾਟਾ ਸਟੀਲ ਨੇ ਇਰਾਨੀ ਦੀ ਮੌਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਰਾਨੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਟਾਟਾ ਸਟੀਲ ਨਾਲ ਜੁੜੇ ਹੋਏ ਸਨ। ਉਹ ਜੂਨ 2011 ਵਿਚ 43 ਸਾਲਾਂ ਦੀ ਵਿਰਾਸਤ ਨੂੰ ਪਿੱਛੇ ਛੱਡਦੇ ਹੋਏ, ਟਾਟਾ ਸਟੀਲ ਦੇ ਬੋਰਡ ਤੋਂ ਸੇਵਾਮੁਕਤ ਹੋਏ ਸਨ।  

ਟਾਟਾ ਸਟੀਲ ਨੇ ਇਕ ਬਿਆਨ 'ਚ ਕਿਹਾ, 'ਬਹੁਤ ਦੁਖੀ ਮੰਨ ਨਾਲ ਸੂਚਿਤ ਕਰ ਰਹੇ ਹਾਂ ਕਿ ਭਾਰਤ ਦੇ 'ਸਟੀਲ ਮੈਨ' ਦਾ ਦਿਹਾਂਤ ਹੋ ਗਿਆ ਹੈ”। ਉਹਨਾਂ ਨੇ 31 ਅਕਤੂਬਰ 2022 ਨੂੰ ਰਾਤ 10 ਵਜੇ ਟਾਟਾ ਹਸਪਤਾਲ ਜਮਸ਼ੇਦਪੁਰ ਵਿਖੇ ਆਖਰੀ ਸਾਹ ਲਏ। ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰਨ ਅਤੇ ਇਕ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਰਾਨੀ 1968 ਵਿਚ 'ਟਾਟਾ ਆਇਰਨ ਐਂਡ ਸਟੀਲ ਕੰਪਨੀ' (ਹੁਣ ਟਾਟਾ ਸਟੀਲ) ਵਿਚ ਸ਼ਾਮਲ ਹੋਣ ਲਈ ਭਾਰਤ ਪਰਤ ਆਏ। ਉਹ ਕੰਪਨੀ ਦੇ ਖੋਜ ਅਤੇ ਵਿਕਾਸ ਦੇ ਇੰਚਾਰਜ ਡਾਇਰੈਕਟਰ ਦੇ ਸਹਾਇਕ ਵਜੋਂ ਕੰਪਨੀ ਨਾਲ ਜੁੜੇ ਸਨ।  

ਟਾਟਾ ਸਟੀਲ ਅਤੇ ਟਾਟਾ ਸੰਨਜ਼ ਤੋਂ ਇਲਾਵਾ ਡਾ. ਇਰਾਨੀ ਨੇ ਟਾਟਾ ਮੋਟਰਜ਼ ਅਤੇ ਟਾਟਾ ਟੈਲੀਸਰਵਿਸਿਜ਼ ਸਮੇਤ ਕਈ ਟਾਟਾ ਗਰੁੱਪ ਕੰਪਨੀਆਂ ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਇਰਾਨੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕਿਹਾ ਕਿ ਇਰਾਨੀ ਟਾਟਾ ਨਾਲ ਜੁੜੇ ਇਕ ਉੱਘੇ ਵਿਅਕਤੀ ਸਨ।

ਉਹਨਾਂ ਕਿਹਾ, “ਉਹ ਇਕ ਮਹਾਨ ਕਾਰਪੋਰੇਟ ਸ਼ਖਸੀਅਤ ਸਨ ਜਿਨ੍ਹਾਂ ਨੇ ਸਟੀਲ ਉਦਯੋਗ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਟਾਟਾ ਗਰੁੱਪ 'ਚ ਅਸੀਂ ਸਾਰੇ ਡਾ. ਇਰਾਨੀ ਦੀ ਕਮੀ ਮਹਿਸੂਸ ਕਰਾਂਗੇ।' ਟਾਟਾ ਸਟੀਲ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਟੀਵੀ ਨਰੇਂਦਰਨ ਨੇ ਕਿਹਾ ਕਿ ਇਰਾਨੀ ਨੇ ਨੱਬੇ ਦੇ ਦਹਾਕੇ ਵਿਚ ਕੰਪਨੀ ਨੂੰ ਬਦਲ ਦਿੱਤਾ ਅਤੇ ਇਸਨੂੰ ਦੁਨੀਆ ਵਿਚ ਸਭ ਤੋਂ ਘੱਟ ਲਾਗਤ ਵਾਲੇ ਸਟੀਲ ਉਤਪਾਦਕਾਂ ਵਿਚੋਂ ਇਕ ਬਣਾਇਆ।