2 ਹਜ਼ਾਰ ਰੁਪਏ ਵਾਲੇ 5,817 ਕਰੋੜ ਰੁਪਏ ਦੇ ਨੋਟ ਅਜੇ ਵੀ ਚੱਲ ਰਹੇ: ਆਰ.ਬੀ.ਆਈ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ 19 ਮਈ, 2023 ਨੂੰ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਚਲਨ ਤੋਂ ਵਾਪਸ ਲੈਣ ਦਾ ਕੀਤਾ ਸੀ ਐਲਾਨ

Rs 5,817 crore worth of Rs 2,000 notes still in circulation: RBI

ਮੁੰਬਈ: ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ 5,817 ਕਰੋੜ ਰੁਪਏ ਦੇ 2,000 ਰੁਪਏ ਦੇ ਨੋਟ ਅਜੇ ਵੀ ਚਲ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ 2,000 ਰੁਪਏ ਦੇ ਨੋਟ ਅਜੇ ਵੀ ਕਾਨੂੰਨੀ ਟੈਂਡਰ ਬਣੇ ਹੋਏ ਹਨ।

ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਸਰਕੂਲੇਸ਼ਨ ਵਿਚ 2,000 ਰੁਪਏ ਦੇ ਨੋਟਾਂ ਦੀ ਕੁਲ ਕੀਮਤ, ਜੋ ਕਿ 19 ਮਈ, 2023 ਨੂੰ ਕਾਰੋਬਾਰ ਦੇ ਅੰਤ ਵਿਚ 3.56 ਲੱਖ ਕਰੋੜ ਰੁਪਏ ਸੀ, ਜਦੋਂ ਮੁਦਰਾ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। 31 ਅਕਤੂਬਰ, 2025 ਨੂੰ ਕਾਰੋਬਾਰ ਦੇ ਅੰਤ ਉਤੇ ਘਟ ਕੇ 5,817 ਕਰੋੜ ਰੁਪਏ ਰਹਿ ਗਈ ਹੈ। ਇਸ ਤਰ੍ਹਾਂ, 19 ਮਈ, 2023 ਤਕ ਸਰਕੂਲੇਸ਼ਨ ਵਿਚ 2,000 ਰੁਪਏ ਦੇ ਨੋਟਾਂ ’ਚੋਂ 98.37 ਫ਼ੀ ਸਦੀ ਵਾਪਸ ਕਰ ਦਿਤੇ ਗਏ ਹਨ। 2,000 ਰੁਪਏ ਦੇ ਨੋਟਾਂ ਦੇ ਆਦਾਨ-ਪ੍ਰਦਾਨ ਦੀ ਸਹੂਲਤ 19 ਮਈ, 2023 ਤੋਂ ਆਰ.ਬੀ.ਆਈ. ਦੇ 19 ਦਫਤਰਾਂ ਵਿਚ ਉਪਲਬਧ ਹੈ।

9 ਅਕਤੂਬਰ, 2023 ਤੋਂ, ਆਰ.ਬੀ.ਆਈ. ਦੇ ਦਫ਼ਤਰ ਅਪਣੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਨ ਲਈ ਵਿਅਕਤੀਆਂ/ਸੰਸਥਾਵਾਂ ਤੋਂ 2,000 ਰੁਪਏ ਦੇ ਨੋਟ ਵੀ ਮਨਜ਼ੂਰ ਕਰ ਰਹੇ ਹਨ। ਇਸ ਤੋਂ ਇਲਾਵਾ, ਜਨਤਾ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਇੰਡੀਆ ਪੋਸਟ ਰਾਹੀਂ 2,000 ਰੁਪਏ ਦੇ ਨੋਟ ਅਪਣੇ ਬੈਂਕ ਖਾਤਿਆਂ ਵਿਚ ਕ੍ਰੈਡਿਟ ਕਰਨ ਲਈ ਆਰ.ਬੀ.ਆਈ. ਦੇ ਕਿਸੇ ਵੀ ਜਾਰੀ ਦਫ਼ਤਰ ਨੂੰ ਭੇਜ ਸਕਦੀ ਹੈ।

ਇਹ ਦਫ਼ਤਰ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿਚ ਹਨ। ਆਰ.ਬੀ.ਆਈ. ਸਮੇਂ-ਸਮੇਂ ਉਤੇ 2,000 ਰੁਪਏ ਦੇ ਨੋਟ ਕਢਵਾਉਣ ਦੀ ਸਥਿਤੀ ਪ੍ਰਕਾਸ਼ਿਤ ਕਰਦਾ ਹੈ।