Share Market Update: ਬੈਂਕ, ਆਈ.ਟੀ. ਸ਼ੇਅਰਾਂ ’ਚ ਵਿਕਰੀ ਕਾਰਨ ਸੈਂਸੈਕਸ 379 ਅੰਕ ਡਿੱਗਿਆ 

ਏਜੰਸੀ

ਖ਼ਬਰਾਂ, ਵਪਾਰ

ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ ਅਤੇ ਵਿਪਰੋ ਦੇ ਸ਼ੇਅਰਾਂ ’ਚ ਗਿਰਾਵਟ

Share Market Update

Share Market Update: ਸਥਾਨਕ ਸ਼ੇਅਰ ਬਾਜ਼ਾਰ ’ਚ ਮੰਗਲਵਾਰ ਨੂੰ ਗਿਰਾਵਟ ਆਈ ਅਤੇ ਬੀਐੱਸਈ ਸੈਂਸੈਕਸ 379 ਅੰਕ ਡਿੱਗ ਕੇ ਬੰਦ ਹੋਇਆ। ਹਾਲ ਹੀ ’ਚ ਆਈ ਤੇਜ਼ੀ ਤੋਂ ਬਾਅਦ ਬੈਂਕ ਅਤੇ ਆਈ.ਟੀ. ਸ਼ੇਅਰਾਂ ’ਚ ਮੁਨਾਫਾ ਬੁਕਿੰਗ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਪੂੰਜੀ ਦੀ ਨਿਕਾਸੀ ਕਾਰਨ ਬਾਜ਼ਾਰ ਨੂੰ ਨੁਕਸਾਨ ਪਹੁੰਚਿਆ। 

30 ਸ਼ੇਅਰਾਂ ਵਾਲਾ ਸੈਂਸੈਕਸ 379.46 ਅੰਕ ਯਾਨੀ 0.53 ਫੀ ਸਦੀ ਦੀ ਗਿਰਾਵਟ ਨਾਲ 71,892.48 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 658.2 ਅੰਕ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.10 ਅੰਕ ਯਾਨੀ 0.35 ਫੀ ਸਦੀ ਡਿੱਗ ਕੇ 21,665.80 ਅੰਕ ’ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ’ਚੋਂ 31 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ ਜਦਕਿ 19 ਸ਼ੇਅਰਾਂ ’ਚ ਤੇਜ਼ੀ ਦਰਜ ਕੀਤੀ ਗਈ। 

ਸੈਂਸੈਕਸ ’ਚ ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਵਿਪਰੋ ਅਤੇ ਐਚਯੂਐਲ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। 

ਦੂਜੇ ਪਾਸੇ ਸਨ ਫਾਰਮਾ, ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ ਅਤੇ ਟਾਈਟਨ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਸੋਮਵਾਰ ਨੂੰ ਕਾਰੋਬਾਰ ਖਤਮ ਹੋਣ ਤੋਂ ਪਹਿਲਾਂ ਬਾਜ਼ਾਰ ’ਚ ਵਿਕਰੀ ਜਾਰੀ ਰਹੀ। ਇਹ ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਨਕਾਰਾਤਮਕ ਰੁਝਾਨ ਦੇ ਕਾਰਨ ਵੀ ਹੈ। ਚੀਨ ਵਿਚ ਨਿਰਮਾਣ ਦੇ ਕਮਜ਼ੋਰ ਅੰਕੜਿਆਂ ਅਤੇ ਲਾਲ ਸਾਗਰ ਵਿਚ ਵਧਦੇ ਤਣਾਅ ਨੇ ਭਾਵਨਾ ਨੂੰ ਕਮਜ਼ੋਰ ਕਰ ਦਿਤਾ ਹੈ। ਲਾਲ ਸਾਗਰ ’ਚ ਵਧਦੇ ਤਣਾਅ ਨਾਲ ਵਿਸ਼ਵ ਵਪਾਰ ਅਤੇ ਕੱਚੇ ਤੇਲ ਦੀ ਸਪਲਾਈ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੈ।’’

ਕੰਪਨੀਆਂ ਤੀਜੀ ਤਿਮਾਹੀ ਲਈ ਅਪਣੇ ਨਤੀਜਿਆਂ ਦੀ ਰੀਪੋਰਟ ਕਰਨਾ ਸ਼ੁਰੂ ਕਰ ਦੇਣਗੀਆਂ। ਇਸ ਤੋਂ ਪਹਿਲਾਂ ਨਿਵੇਸ਼ਕਾਂ ਨੇ ਮੁਨਾਫਾ ਬੁਕਿੰਗ ਦੀ ਰਣਨੀਤੀ ਅਪਣਾਈ ਹੈ। ਗੱਡੀਆਂ ਦੀ ਵਿਕਰੀ ਦੇ ਅੰਕੜੇ ਉਮੀਦ ਅਨੁਸਾਰ ਨਾ ਹੋਣ ਕਾਰਨ ਗੱਡੀਆਂ ਦੇ ਸ਼ੇਅਰਾਂ ’ਚ ਗਿਰਾਵਟ ਆਈ। ਹਾਲਾਂਕਿ, ਫਾਰਮਾਸਿਊਟੀਕਲ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਵੇਖੀ ਗਈ। ‘‘ 

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ’ਚ ਬੰਦ ਹੋਏ। ਯੂਰਪ ਦੇ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਸਕਾਰਾਤਮਕ ਜ਼ੋਨ ’ਚ ਸਨ। ਏਸ਼ੀਆ, ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ਸੋਮਵਾਰ ਨੂੰ ਨਵੇਂ ਸਾਲ ਦੇ ਦਿਨ ਬੰਦ ਰਹੇ। 

ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 2.05 ਫੀ ਸਦੀ ਦੀ ਤੇਜ਼ੀ ਨਾਲ 78.58 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 855.80 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸੋਮਵਾਰ ਨੂੰ ਸੈਂਸੈਕਸ ’ਚ 31.68 ਅੰਕ ਅਤੇ ਨਿਫਟੀ ’ਚ 10.50 ਅੰਕ ਦੀ ਤੇਜ਼ੀ ਆਈ ਸੀ। 

(For more news apart from Share Market Update, stay tuned to Rozana Spokesman)