ਅਮਰੀਕਾ ਨੇ ਭਾਰਤ 'ਤੇ ਟੈਰਿਫ਼ ਘਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਮਗਰੋਂ ਕੀਤਾ ਐਲਾਨ

America reduces tariffs on India

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਅਮਰੀਕਾ ਅਤੇ ਭਾਰਤ ਇਕ ਵਪਾਰ ਸਮਝੌਤੇ ਉਤੇ ਸਹਿਮਤ ਹੋਏ ਹਨ, ਜਿਸ ਦੇ ਤਹਿਤ ਅਮਰੀਕਾ ਜਵਾਬੀ ਟੈਰਿਫ ਨੂੰ ਘਟਾ ਕੇ 25 ਫੀ ਸਦੀ ਤੋਂ 18 ਫੀ ਸਦੀ ਕਰ ਦੇਵੇਗਾ। ਇਹ ਐਲਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉਤੇ ਗੱਲਬਾਤ ਤੋਂ ਬਾਅਦ ਕੀਤਾ। ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ’ਚ ਇਹ ਵੀ ਕਿਹਾ ਕਿ ਭਾਰਤ ਵੀ ਅਮਰੀਕਾ ਉਤੇ ਟੈਰਿਫ਼ ਸਿਫਰ ਕਰਨ ਅਤੇ ਗ਼ੈਰ-ਟੈਰਿਫ਼ ਰੁਕਾਵਟਾਂ ਖ਼ਤਮ ਕਰਨ ਲਈ ਕਦਮ ਚੁਕੇਗਾ।

ਇਸ ਤੋਂ ਪਹਿਲਾਂ ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇਕ ਸੰਖੇਪ ਸੋਸ਼ਲ ਮੀਡੀਆ ਪੋਸਟ ਵਿਚ ਫੋਨ ਗੱਲਬਾਤ ਦੀ ਪੁਸ਼ਟੀ ਕੀਤੀ ਸੀ। ਇਹ ਗੱਲਬਾਤ ਉਸ ਦਿਨ ਹੋਈ ਜਦੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵਾਸ਼ਿੰਗਟਨ ਦੀ ਤਿੰਨ ਦਿਨਾਂ ਯਾਤਰਾ ਸ਼ੁਰੂ ਕੀਤੀ ਸੀ।

ਪਿਛਲੇ ਕੁੱਝ ਹਫ਼ਤਿਆਂ ਵਿਚ ਦੋਹਾਂ ਧਿਰਾਂ ਵਲੋਂ ਸੰਬੰਧਾਂ ਵਿਚ ਤਣਾਅ ਨੂੰ ਦੂਰ ਕਰਨ ਅਤੇ ਪ੍ਰਸਤਾਵਿਤ ਦੁਵਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੈਸ਼ੰਕਰ ਦੀ ਅਮਰੀਕਾ ਯਾਤਰਾ ਨੂੰ ਵੀ ਵੱਡੇ ਪੱਧਰ ਉਤੇ ਇਸ ਪ੍ਰਸੰਗ ਵਿਚ ਵੇਖਿਆ ਜਾ ਰਿਹਾ ਹੈ।

ਵਿਦੇਸ਼ ਮੰਤਰਾਲੇ ਮੁਤਾਬਕ ਉਹ ਮਹੱਤਵਪੂਰਨ ਖਣਿਜ ਸਪਲਾਈ ਚੇਨ ਉਤੇ ਵਾਸ਼ਿੰਗਟਨ ਦੀ ਅਗਵਾਈ ਵਾਲੀ ਮੰਤਰੀ ਪੱਧਰੀ ਬੈਠਕ ’ਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ।

ਟਰੰਪ ਵਲੋਂ ਰੂਸ ਦੇ ਕੱਚੇ ਤੇਲ ਦੀ ਖਰੀਦ ਕਾਰਨ 25 ਫੀ ਸਦੀ ਵਾਧੂ ਡਿਊਟੀ ਸਮੇਤ ਭਾਰਤੀ ਸਾਮਾਨ ਉਤੇ ਟੈਰਿਫ ਦੁੱਗਣਾ ਕਰ ਕੇ 50 ਫੀ ਸਦੀ ਕਰ ਦਿਤਾ ਸੀ। ਟੈਰਿਫ ਦੇ ਮੁੱਦੇ ਤੋਂ ਇਲਾਵਾ ਪਿਛਲੇ ਸਾਲ ਮਈ ’ਚ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਖਤਮ ਕਰਨ ਦੇ ਟਰੰਪ ਦਾ ਦਾਅਵਾ ਅਤੇ ਵਾਸ਼ਿੰਗਟਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਸਮੇਤ ਕਈ ਹੋਰ ਮੁੱਦਿਆਂ ਉਤੇ ਵੀ ਸਬੰਧਾਂ ’ਚ ਗਿਰਾਵਟ ਆਈ ਸੀ।