ਪੱਛਮੀ ਏਸ਼ੀਆ ਸੰਕਟ ਦੇ ਤੇਜ਼ ਹੋਣ ਨਾਲ ਸ਼ੇਅਰ ਬਾਜ਼ਾਰਾਂ 'ਚ ਵੱਡੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੈਂਸੈਕਸ ਅਤੇ ਨਿਫਟੀ 1 ਫ਼ੀ ਸਦੀ ਤੋਂ ਵੱਧ ਡਿੱਗ ਗਏ

Stock markets plunge as West Asia crisis intensifies

ਮੁੰਬਈ : ਪਛਮੀ ਏਸ਼ੀਆ ’ਚ ਵਧਦੇ ਤਣਾਅ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਮਗਰੋਂ ਨਿਵੇਸ਼ਕਾਂ ਦੀ ਧਾਰਨਾ ਉਤੇ ਭਾਰੀ ਅਸਰ ਪੈਣ ਕਾਰਨ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ’ਚ ਸੋਮਵਾਰ ਨੂੰ 1 ਫੀ ਸਦੀ ਤੋਂ ਵੱਧ ਦੀ ਗਿਰਾਵਟ ਆਈ।

ਆਲਮੀ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨਾਂ ਅਤੇ ਭਾਰੀ ਵਿਦੇਸ਼ੀ ਫੰਡਾਂ ਦੇ ਨਿਕਾਸ ਨੇ ਵੀ ਭਾਵਨਾਵਾਂ ਨੂੰ ਕਮਜ਼ੋਰ ਕੀਤਾ।30 ਸ਼ੇਅਰਾਂ ਵਾਲਾ ਸੈਂਸੈਕਸ 1,048.34 ਅੰਕ ਜਾਂ 1.29 ਫ਼ੀ ਸਦੀ ਦੀ ਗਿਰਾਵਟ ਨਾਲ 80,238.85 ਉਤੇ ਬੰਦ ਹੋਇਆ। ਦਿਨ ਵੇਲੇ ਕਾਰੋਬਾਰ ਦੌਰਾਨ ਇਕ ਵਾਰੀ ਇਹ 2,743.46 ਅੰਕ ਭਾਵ 3.37 ਫੀ ਸਦੀ ਤਕ ਡਿੱਗ ਗਿਆ ਸੀ, ਪਰ ਫਿਰ ਸੰਭਲ ਗਿਆ।

ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਐਨ.ਐਸ.ਈ. ਨਿਫਟੀ 312.95 ਅੰਕ ਭਾਵ 1.24 ਫੀ ਸਦੀ ਦੀ ਗਿਰਾਵਟ ਨਾਲ 24,865.70 ਦੇ ਪੱਧਰ ਉਤੇ ਬੰਦ ਹੋਇਆ।ਸੈਂਸੈਕਸ ’ਚ ਨੁਕਸਾਨ ਹੇਠ ਰਹਿਣ ਵਾਲੇ ਪ੍ਰਮੁੱਖ ਸ਼ੇਅਰ ਇੰਟਰਗਲੋਬ ਏਵੀਏਸ਼ਨ, ਲਾਰਸਨ ਐਂਡ ਟੁਬਰੋ, ਅਡਾਨੀ ਪੋਰਟਸ, ਮਾਰੂਤੀ, ਏਸ਼ੀਅਨ ਪੇਂਟਸ ਅਤੇ ਬਜਾਜ ਫਿਨਸਰਵ ਰਹੇ। ਭਾਰਤ ਇਲੈਕਟ੍ਰਾਨਿਕਸ, ਸਨ ਫਾਰਮਾ ਅਤੇ ਆਈ.ਟੀ.ਸੀ. ਦੇ ਸ਼ੇਅਰ ਹੀ ਲਾਭ ’ਚ ਰਹੇ।

ਕੱਚੇ ਤੇਲ ਦੀ ਕੀਮਤ 8.34 ਫੀ ਸਦੀ ਦੀ ਤੇਜ਼ੀ ਨਾਲ 78.95 ਡਾਲਰ ਪ੍ਰਤੀ ਬੈਰਲ ਉਤੇ ਪਹੁੰਚ ਗਈ।ਆਨਲਾਈਨ ਟ੍ਰੇਡਿੰਗ ਅਤੇ ਵੈਲਥ ਟੈਕ ਫਰਮ ਐਨਰਿਚ ਮਨੀ ਦੇ ਸੀ.ਈ.ਓ. ਪੋਨਮੁਦੀ ਆਰ ਨੇ ਕਿਹਾ, ‘‘ਮੱਧ ਪੂਰਬ ਵਿਚ ਡੂੰਘੇ ਫੌਜੀ ਸੰਘਰਸ਼ ਦੇ ਜਵਾਬ ਵਿਚ ਤੇਜ਼ੀ ਨਾਲ ਗਿਰਾਵਟ ਦੇ ਬਾਅਦ ਭਾਰਤੀ ਇਕੁਇਟੀ ਬਾਜ਼ਾਰ ਗਿਰਾਵਟ ਵਿਚ ਬੰਦ ਹੋਏ।’’

ਬੀਐਸਈ ਸਮਾਲਕੈਪ ਸਿਲੈਕਟ ਇੰਡੈਕਸ 1.81 ਫ਼ੀ ਸਦੀ ਅਤੇ ਮਿਡਕੈਪ ਸਿਲੈਕਟ ਇੰਡੈਕਸ 1.67 ਫ਼ੀ ਸਦੀ ਡਿੱਗ ਗਿਆ।ਬੀ.ਐਸ.ਈ. ਉਤੇ ਕੁਲ 3,561 ਸ਼ੇਅਰਾਂ ਵਿਚ ਗਿਰਾਵਟ ਵੇਖੀ ਗਈ, ਜਦਕਿ 821 ਸ਼ੇਅਰਾਂ ਵਿਚ ਵਾਧਾ ਹੋਇਆ ਅਤੇ 146 ਵਿਚ ਕੋਈ ਤਬਦੀਲੀ ਨਹੀਂ ਹੋਈ।ਏਸ਼ੀਆਈ ਬਾਜ਼ਾਰਾਂ ’ਚ, ਜਾਪਾਨ ਦਾ ਨਿੱਕੀ 225 ਅੰਕ ਡਿੱਗ ਗਿਆ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2 ਫ਼ੀ ਸਦੀ ਤੋਂ ਵੱਧ ਡਿੱਗ ਗਿਆ, ਜਦਕਿ ਸ਼ੰਘਾਈ ਦਾ ਐਸ.ਐਸ.ਈ. ਕੰਪੋਜ਼ਿਟ ਇੰਡੈਕਸ ਸਕਾਰਾਤਮਕ ਖੇਤਰ ਵਿਚ ਬੰਦ ਹੋਇਆ. ਦਖਣੀ ਕੋਰੀਆ ਵਿਚ ਇਕੁਇਟੀ ਬਾਜ਼ਾਰ ਛੁੱਟੀ ਕਾਰਨ ਬੰਦ ਸਨ। ਹੋਲੀ ਲਈ ਮੰਗਲਵਾਰ ਨੂੰ ਇਕੁਇਟੀ ਬਾਜ਼ਾਰ ਬੰਦ ਰਹਿਣਗੇ। (ਪੀਟੀਆਈ)