ਵਿਸਤਾਰਾ ਨੂੰ ਰੋਜ਼ਾਨਾ ਉਡਾਣਾਂ ਰੱਦ ਹੋਣ ਅਤੇ ਦੇਰੀ ਦੀ ਰੀਪੋਰਟ ਕਰਨ ਦਾ ਹੁਕਮ, ਜਾਣੋ ਕੀ ਹੈ ਉਡਾਣਾਂ ’ਚ ਦੇਰੀ ਦਾ ਕਾਰਨ
ਵਿਸਤਾਰਾ ਨੇ ਚਾਲਕ ਦਲ ਦੀ ਅਣਉਪਲਬਧਤਾ ਅਤੇ ਹੋਰ ਕਾਰਜਸ਼ੀਲ ਕਾਰਨਾਂ ਕਰ ਕੇ ਸੰਚਾਲਨ ਘਟਾਉਣ ਦਾ ਕੀਤਾ ਸੀ ਐਲਾਨ
ਨਵੀਂ ਦਿੱਲੀ: ਹਵਾਬਾਜ਼ੀ ਨਿਗਰਾਨ ਡੀ.ਜੀ.ਸੀ.ਏ. ਨੇ ਵਿਸਤਾਰਾ ਏਅਰਲਾਈਨਜ਼ ਨੂੰ ਰੋਜ਼ਾਨਾ ਆਧਾਰ ’ਤੇ ਉਡਾਣਾਂ ਰੱਦ ਹੋਣ ਦੇ ਨਾਲ-ਨਾਲ ਦੇਰੀ ਦੀ ਰੀਪੋਰਟ ਕਰਨ ਲਈ ਕਿਹਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਕਿਹਾ ਕਿ ਉਹ ਵਿਸਤਾਰਾ ਦੀਆਂ ਉਡਾਣਾਂ ਰੱਦ ਹੋਣ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤਾਂ ਜੋ ਮੁਸਾਫ਼ਰਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਨੂੰ ਯਕੀਨੀ ਬਣਾਈ ਜਾ ਸਕੇ।
ਸੂਤਰਾਂ ਨੇ ਮੰਗਲਵਾਰ ਨੂੰ ਦਸਿਆ ਕਿ ਕੁੱਝ ਕਮਾਂਡਰਾਂ ਦੇ ਨਾਲ-ਨਾਲ ਇਸ ਦੇ ਏ320 ਬੇੜੇ ਦੇ ਪਹਿਲੇ ਅਧਿਕਾਰੀ ਵੀ ਨਵੇਂ ਠੇਕਿਆਂ ਵਿਚ ਤਨਖਾਹ ਸੋਧ ਦੀ ਮੰਗ ਦਾ ਵਿਰੋਧ ਕਰਦੇ ਹੋਏ ਬਿਮਾਰ ਦੱਸੇ ਜਾ ਰਹੇ ਹਨ। ਇਹ ਕੈਰੀਅਰ ਦੇ ਚਾਲਕ ਦਲ ਦੀ ਅਣਉਪਲਬਧਤਾ ਅਤੇ ਹੋਰ ਕਾਰਜਸ਼ੀਲ ਕਾਰਨਾਂ ਕਰ ਕੇ ਸੰਚਾਲਨ ਘਟਾਉਣ ਦੇ ਐਲਾਨ ਤੋਂ ਇਕ ਦਿਨ ਬਾਅਦ ਆਇਆ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਵਿਸਤਾਰਾ ਦੀਆਂ ਵੱਖ-ਵੱਖ ਉਡਾਣਾਂ ਵਿਚ ਰੁਕਾਵਟ ਦੇ ਮੱਦੇਨਜ਼ਰ ਉਸ ਨੇ ਏਅਰਲਾਈਨ ਨੂੰ ਰੋਜ਼ਾਨਾ ਜਾਣਕਾਰੀ ਅਤੇ ਉਡਾਣਾਂ ਰੱਦ ਹੋਣ ਅਤੇ ਦੇਰੀ ਹੋਣ ਦਾ ਵੇਰਵਾ ਦੇਣ ਲਈ ਕਿਹਾ ਹੈ।
ਡੀ.ਜੀ.ਸੀ.ਏ. ਦੇ ਅਧਿਕਾਰੀ ਉਡਾਣ ਰੱਦ ਹੋਣ ਅਤੇ ਦੇਰੀ ਦੀ ਸਥਿਤੀ ’ਚ ਮੁਸਾਫ਼ਰਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਲੋੜਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਥਿਤੀ ਦੀ ਨਿਗਰਾਨੀ ਵੀ ਕਰ ਰਹੇ ਹਨ। ਰੈਗੂਲੇਟਰ ਨੇ ਕਿਹਾ ਕਿ ਇਹ ਮੁਸਾਫ਼ਰਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿਸਤਾਰਾ ਦੀਆਂ ਉਡਾਣਾਂ ਰੱਦ ਹੋਣ ’ਤੇ ਨਜ਼ਰ ਰੱਖ ਰਿਹਾ ਹੈ।
ਮੰਤਰਾਲੇ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਉਡਾਣਾਂ ਦਾ ਸੰਚਾਲਨ ਏਅਰਲਾਈਨ ਵਲੋਂ ਖੁਦ ਕੀਤਾ ਜਾਂਦਾ ਹੈ ਪਰ ਉਡਾਣ ਰੱਦ ਹੋਣ ਜਾਂ ਦੇਰੀ ਹੋਣ ਦੀ ਸੂਰਤ ’ਚ ਮੁਸਾਫ਼ਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਏਅਰਲਾਈਨ ਨੂੰ ਡੀ.ਜੀ.ਸੀ.ਏ. ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।’’ ਕਈ ਮੁਸਾਫ਼ਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਡਾਣਾਂ ਦੇ ਦੇਰੀ ਅਤੇ ਰੱਦ ਹੋਣ ਦੀ ਸ਼ਿਕਾਇਤ ਕੀਤੀ ਹੈ। ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਚੱਲ ਰਿਹਾ ਹੈ। ਵਿਸਤਾਰਾ ਅਤੇ ਏਅਰ ਇੰਡੀਆ ਦੇ ਪਾਇਲਟਾਂ ਵਿਚਕਾਰ ਸਮਾਨਤਾ ਲਿਆਉਣ ਵਾਲੇ ਨਵੇਂ ਇਕਰਾਰਨਾਮੇ ਚੱਲ ਰਹੀ ਰਲੇਵੇਂ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੇਸ਼ ਕੀਤੇ ਗਏ ਹਨ। ਵਿਸਤਾਰਾ ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸੰਯੁਕਤ ਉੱਦਮ ਹੈ।
ਵਿਸਤਾਰਾ ਦੇ ਏ320 ਬੇੜੇ ਦੇ ਕਈ ਪਹਿਲੇ ਅਧਿਕਾਰੀ ਪਿਛਲੇ ਕੁੱਝ ਹਫਤਿਆਂ ਤੋਂ ਬਿਮਾਰ ਰੀਪੋਰਟ ਕਰ ਰਹੇ ਹਨ। ਇਕੱਲੇ ਸੋਮਵਾਰ ਨੂੰ ਹੀ ਲਗਭਗ 50 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ ਕਈਆਂ ਵਿਚ ਦੇਰੀ ਹੋਈ ਕਿਉਂਕਿ ਉਡਾਣਾਂ ਚਲਾਉਣ ਲਈ ਲੋੜੀਂਦੇ ਪਾਇਲਟ ਨਹੀਂ ਸਨ। ਸੂਤਰਾਂ ਨੇ ਦਸਿਆ ਕਿ ਹੁਣ ਏ320 ਬੇੜੇ ਦੇ ਕੁੱਝ ਕਮਾਂਡਰ ਵੀ ਬਿਮਾਰ ਦੱਸੇ ਜਾ ਰਹੇ ਹਨ। ਵਿਸਤਾਰਾ ਕੋਲ 70 ਜਹਾਜ਼ਾਂ ਦਾ ਬੇੜਾ ਹੈ, ਜਿਸ ਵਿਚ ਏ320 ਬੇੜੇ ਦੇ 63 ਅਤੇ ਬੋਇੰਗ 787 ਸ਼ਾਮਲ ਹਨ। 31 ਮਾਰਚ ਤੋਂ ਸ਼ੁਰੂ ਹੋਏ ਗਰਮੀਆਂ ਦੇ ਪ੍ਰੋਗਰਾਮ ਦੇ ਅਨੁਸਾਰ, ਏਅਰਲਾਈਨ ਨੂੰ ਰੋਜ਼ਾਨਾ 300 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਨਾ ਹੈ। ਵਿਸਤਾਰਾ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਚਾਲਕ ਦਲ ਦੀ ਉਪਲਬਧਤਾ ਨਾ ਹੋਣ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਵੱਡੀ ਗਿਣਤੀ ਵਿਚ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਾਂ ਦੇਰੀ ਹੋਈਆਂ ਹਨ। ਏਅਰਲਾਈਨ ਨੇ ਕਿਹਾ, ‘‘ਅਸੀਂ ਅਪਣੇ ਨੈੱਟਵਰਕ ਨਾਲ ਢੁਕਵੀਂ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਅਪਣੀਆਂ ਸੰਚਾਲਿਤ ਉਡਾਣਾਂ ਦੀ ਗਿਣਤੀ ਨੂੰ ਅਸਥਾਈ ਤੌਰ ’ਤੇ ਘਟਾਉਣ ਦਾ ਫੈਸਲਾ ਕੀਤਾ ਹੈ।’’ ਏਅਰਲਾਈਨ ਨੇ ਰੁਕਾਵਟਾਂ ਲਈ ਮੁਆਫੀ ਵੀ ਮੰਗੀ ਸੀ। ਸੂਤਰਾਂ ਨੇ ਦਸਿਆ ਕਿ ਮੰਗਲਵਾਰ ਨੂੰ ਉਡਾਣਾਂ ਰੱਦ ਹੋਣ ਦੀ ਗਿਣਤੀ 70 ਤਕ ਪਹੁੰਚਣ ਦੀ ਉਮੀਦ ਹੈ।