ITR ਦਾਖ਼ਲ ਕਰਨ ਦੀ ਤਰੀਕ 31 ਮਈ ਤਕ ਵਧਾਈ, ਮਿਲੀ ਕਰਦਾਤਿਆਂ ਨੂੰ ਰਾਹਤ 

ਏਜੰਸੀ

ਖ਼ਬਰਾਂ, ਵਪਾਰ

ਵਿੱਤੀ ਵਰ੍ਹੇ 2019-20 ਲਈ ਦੇਰ ਨਾਲ ਤੇ ਸੋਧੀ ਹੋਈ ਆਮਦਨ ਕਰ ਰਿਟਰਨ (ITR) ਦਾਖ਼ਲ ਕਰਨ ਦੀ ਤਰੀਕ ਇਸ ਸਾਲ 31 ਮਈ ਕਰ ਦਿੱਤੀ ਗਈ ਹੈ।

ITR filing date extended to May 31

ਨਵੀਂ ਦਿੱਲੀ : ਸਰਕਾਰ ਨੇ ਆਮਦਨ ਕਰ ਰਿਟਰਨ ਦਾਖ਼ਲ ਕਰਨ ਸਬੰਧੀ ਕਰਦਾਤਿਆਂ ਨੂੰ ਰਾਹਤ ਦਿੱਤੀ ਹੈ। ਵਿੱਤੀ ਵਰ੍ਹੇ 2019-20 ਲਈ ਦੇਰ ਨਾਲ ਤੇ ਸੋਧੀ ਹੋਈ ਆਮਦਨ ਕਰ ਰਿਟਰਨ (ITR) ਦਾਖ਼ਲ ਕਰਨ ਦੀ ਤਰੀਕ ਇਸ ਸਾਲ 31 ਮਈ ਕਰ ਦਿੱਤੀ ਗਈ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਕਿਹਾ ਕਿ ਕੋਰੋਨਾ ਸੰਕਟ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਰਦਾਤਿਆਂ, ਕਰ ਸਲਾਹਕਾਰਾਂ ਤੇ ਹੋਰ ਧਿਰਾਂ ਦੇ ਸੁਝਾਅ 'ਤੇ ਸਰਕਾਰ ਨੇ ਸ਼ਨਿਚਰਵਾਰ ਨੂੰ ਕੁਝ ਮਹੱਤਵਪੂਰਨ ਤਰੀਕਾਂ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। 

ਵਿਭਾਗ ਨੇ ਕਿਹਾ ਕਿ ਆਮਦਨ ਕਰ ਕਾਨੂੰਨ ਦੀ ਧਾਰਾ 139 ਦੀ ਉਪ-ਧਾਰਾ (4) ਤਹਿਤ ਦੇਰੀ ਨਾਲ ਆਮਦਨ ਕਰ ਰਿਟਰਨ ਦਾਖ਼ਲ ਕਰਨ ਤੇ ਉਪ-ਧਾਰਾ (5) ਤਹਿਤ ਸੋਧੀ ਹੋਈ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਇਸ ਸਾਲ 31 ਮਾਰਚ ਸੀ। ਇਹ ਤਰੀਕ ਹੁਣ ਵਧਾ ਕੇ 31 ਮਈ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਿਹੜੇ ਮਾਮਲਿਆਂ 'ਚ ਕਰ ਦਾਤਿਆਂ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣ ਲਈ ਪਹਿਲੀ ਅਪ੍ਰੈਲ ਤੱਕ ਦੀ ਮੁਹਲਤ ਦਿੱਤੀ ਗਈ ਸੀ, ਉਹ ਹੁਣ 31 ਮਈ ਤਕ ਜਵਾਬ ਦਾਖ਼ਲ ਕਰ ਸਕਦੇ ਹਨ।

ਵਿਵਾਦ ਨਿਪਟਾਰਾ ਪੈਨਲ (DRP) ਸਾਹਮਣੇ ਇਤਰਾਜ਼ ਦਾਖ਼ਲ ਕਰਨ ਅਤੇ ਕਮਿਸ਼ਨਰ ਕੋਲ ਅਪੀਲ ਕਰਨ ਦੀ ਤਰੀਕ ਵੀ 31 ਮਈ ਤਕ ਵਧਾਈ ਗਈ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਕਿਹਾ ਕਿ ਉਸ ਨੂੰ ਅਨੁਪਾਲਣ ਜ਼ਰੂਰਤਾਂ 'ਚ ਛੋਟ ਲਈ ਵੱਖ-ਵੱਖ ਹਿੱਤ ਧਾਰਕਾਂ ਤੋਂ ਬੇਨਤੀਆਂ ਮਿਲੀਆਂ ਸਨ।