ਕੋਰੋਨਾ ਕਾਲ ਦੌਰਾਨ ਦੇਸ਼ ਛੱਡ ਰਹੇ ਕਰੋੜਪਤੀ, 5 ਸਾਲਾਂ ’ਚ 29000 ਤੋਂ ਜ਼ਿਆਦਾ ਅਮੀਰਾਂ ਨੇ ਛੱਡਿਆ ਦੇਸ਼
ਕੋਰੋਨਾ ਕਾਲ ਦੌਰਾਨ ਭਾਰਤ ਵਿਚ ਵੱਡੀ ਗਿਣਤੀ ’ਚ ਅਮੀਰ ਨਾਗਰਿਕ ਦੇਸ਼ ਛੱਡ ਕੇ ਜਾ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਭਾਰਤ ਵਿਚ ਵੱਡੀ ਗਿਣਤੀ ’ਚ ਅਮੀਰ ਨਾਗਰਿਕ ਦੇਸ਼ ਛੱਡ ਕੇ ਜਾ ਰਹੇ ਹਨ। ਗਲੋਬਲ ਵੈਲਥ ਮਾਇਗ੍ਰੇਸ਼ਨ ਰਿਵਿਊ ਰਿਪੋਰਟ ਮੁਤਾਬਕ ਭਾਰਤ ਦੇ ਕੁੱਲ ਕਰੋੜਪਤੀਆਂ ਵਿਚੋਂ 2% ਨੇ 2020 ਵਿਚ ਦੇਸ਼ ਛੱਡ ਦਿੱਤਾ ਹੈ। ਹੇਨਲੀ ਐਂਡ ਪਾਰਟਨਰਸ ਦੀ ਰਿਪੋਰਟ ਮੁਤਾਬਕ 2020 ਵਿਚ 2019 ਦੀ ਤੁਲਨਾ ਵਿਚ 63% ਜ਼ਿਆਦਾ ਭਾਰਤੀਆਂ ਨੇ ਦੇਸ਼ ਛੱਡਣ ਲਈ ਇਨਕੁਆਇਰੀ ਕੀਤੀ ਸੀ। ਹਾਲਾਂਕਿ ਉਡਾਣਾਂ ਬੰਦ ਹੋਣ ਕਾਰਨ ਅਤੇ ਲਾਕਡਾਊਨ ਦੇ ਚਲਦਿਆਂ ਦਸਤਾਵੇਜ਼ੀ ਕੰਮਾਂ ਵਿਚ ਕਮੀ ਦੇ ਚਲਦਿਆਂ 2020 ਵਿਚ ਪੰਜ ਤੋਂ ਛੇ ਹਜ਼ਾਰ ਅਮੀਰਾਂ ਨੇ ਦੇਸ਼ ਛੱਡਿਆ ਪਰ ਹੁਣ 2021 ਵਿਚ ਇਹ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਇਨਕੁਆਇਰੀ ਤੇਜ਼ ਹੋ ਗਈ ਹੈ। 2021 ਵਿਚ ਪਿਛਲੇ ਸਾਲ ਤੋਂ ਜ਼ਿਆਦਾ ਅਮੀਰ ਦੇਸ਼ ਛੱਡ ਸਕਦੇ ਹਨ। ਇਸ ਤੋਂ ਪਹਿਲਾਂ 2015 ਤੋਂ 2019 ਦੌਰਾਨ 29 ਹਜ਼ਾਰ ਤੋਂ ਜ਼ਿਆਦਾ ਕਰੋੜਪਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ। ਹੇਨਲੀ ਐਂਡ ਪਾਰਟਨਰਸ ਦੀ ਰਿਪੋਰਟ ਮੁਤਾਬਕ ਭਾਰਤ ਦੇ ਲੋਕਾਂ ਨੇ ਕੈਨੇਡਾ, ਪੁਰਤਗਾਲ, ਆਸਟ੍ਰੀਆ, ਮਾਲਟਾ, ਤੁਰਕੀ, ਯੂਐਸ ਅਤੇ ਯੂਕੇ ਵਿਚ ਵਸਣ ਲਈ ਸਭ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ।
ਵਿਦੇਸ਼ ਵਿਚ ਰਹਿਣ ਲਈ ਸਭ ਤੋਂ ਖ਼ਾਸ ਦੋ ਤਰੀਕੇ ਹਨ। ਪਹਿਲਾ ਤਰੀਕਾ ਹੈ ਕਿ ਉਸ ਦੇਸ਼ ਵਿਚ ਵੱਡਾ ਨਿਵੇਸ਼ ਕੀਤਾ ਜਾ ਸਕਦਾ ਹੈ ਜਾਂ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਨਾਗਰਿਕਤਾ ਭਾਰੀ ਫੀਸ ਭਰ ਕੇ ਲਈ ਜਾ ਸਕਦੀ ਹੈ। ਅਮਰੀਕਾ ਵਿਚ ਰਹਿਣ ਲਈ ਭਾਰਤੀਆਂ ਨੂੰ ਗ੍ਰੀਨ ਵੀਜ਼ਾ ਲੈਣਾ ਪੈਂਦਾ ਹੈ। ਇਸ ਦੇ ਲਈ 6.5 ਕਰੋੜ ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਹੈ। ਬ੍ਰਿਟੇਨ ਵਿਚ 18 ਕਰੋੜ ਰੁਪਏ, ਨਿਊਜ਼ੀਲੈਂਡ ਵਿਚ 10.9 ਕਰੋੜ ਰੁਪਏ ਨਿਵੇਸ਼ ਕਰਨੇ ਪੈਂਦੇ ਹਨ।
ਵਿਦੇਸ਼ਾਂ ਵਿਚ ਵਸਣ ਵਾਲੇ ਅਮੀਰਾਂ ਮੁਤਾਬਕ ਭਾਰਤ ਵਿਚ ਮੌਕਿਆਂ ਦੀ ਕਮੀਂ, ਭ੍ਰਿਸ਼ਟਾਚਾਰ, ਪ੍ਰਦੂਸ਼ਣ ਆਦਿ ਕਈ ਸਮੱਸਿਆਵਾਂ ਹਨ ਜੋ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਦੀਆਂ ਹਨ। ਅਮੀਰਾਂ ਦੇ ਦੇਸ਼ ਛੱਡਣ ਨਾਲ ਭਾਰਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਦੇਸ਼ ਵਿਚ ਰੁਜ਼ਗਾਰ ਦਰ ਪਹਿਲਾਂ ਤੋਂ ਹੀ ਖ਼ਰਾਬ ਹੈ। ਅਜਿਹੇ ਵਿਚ ਅਮੀਰ ਵਪਾਰੀਆਂ ਦਾ ਦੇਸ਼ ਛੱਡ ਕੇ ਜਾਣਾ ਬੇਰੁਜ਼ਗਾਰੀ ਦਰ ਨੂੰ ਹੋਰ ਵਧਾਏਗਾ। ਇਸ ਦੇ ਨਾਲ ਹੀ ਟੈਕਸ ਕਲੈਕਸ਼ਨ ਵਿਚ ਵੀ ਕਮੀ ਆਵੇਗੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਹੋਵੇਗਾ।