ਮੋਦੀ ਸਰਕਾਰ ਨੂੰ ਇਕ ਹੋਰ ਝਟਕਾ : ਹੁਣ ਬੁਨਿਆਦੀ ਸਨਅਤਾਂ ਦੀ ਵਾਧਾ ਦਰ ਵਿਚ ਭਾਰੀ ਕਮੀ

ਏਜੰਸੀ

ਖ਼ਬਰਾਂ, ਵਪਾਰ

ਜੁਲਾਈ ਵਿਚ ਘੱਟ ਕੇ 2.1 ਫ਼ੀ ਸਦੀ ’ਤੇ ਆਈ, ਪਿਛਲੇ ਸਾਲ 7.3 ਫ਼ੀ ਸਦੀ ਸੀ

Core sector growth slows to 2.1% in July compared to 7.3% last year

ਨਵੀਂ ਦਿੱਲੀ : ਕੁਲ ਘਰੇਲੂ ਉਤਪਾਦ ਦੇ ਖੇਤਰ ਵਿਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਨੂੰ ਇਕ ਹੋਰ ਝਟਕਾ ਲੱਗਾ ਹੈ। ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਵਿਚ ਸੱਭ ਤੋਂ ਉਪਰਲੇ ਪੱਧਰ ’ਤੇ ਹੋਣ ਅਤੇ ਆਰਥਕ ਵਾਧਾ ਦਰ ਸੱਤ ਸਾਲਾਂ ਦੇ ਹੇਠਲੇ ਪੱਧਰ ’ਤੇ ਆ ਜਾਣ ਮਗਰੋਂ ਹੁਣ ਅੱਠ ਬੁਨਿਆਦੀ ਸਨਅਤਾਂ ਦੀ ਵਾਧਾ ਦਰ ਘੱਟ ਗਈ ਹੈ। ਇਹ ਦਰ ਜੁਲਾਈ ਵਿਚ ਘੱਟ ਕੇ 2.1 ਫ਼ੀ ਸਦੀ ’ਤੇ ਆ ਗਈ। 

ਸੋਮਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਵਿਚ ਇਹ ਪ੍ਰਗਟਾਵਾ ਹੋਇਆ ਹੈ। ਜੁਲਾਈ 2018 ਵਿਚ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ 7.3 ਫ਼ੀ ਸਦੀ ਰਹੀ ਸੀ। ਮੁੱਖ ਰੂਪ ਵਿਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ ਅਤੇ ਰੀਫ਼ਾਇਨਰੀ ਉਤਪਾਦਾਂ ਦਾ ਉਤਪਾਦਨ ਘੱਟ ਜਾਣ ਨਾਲ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਦੀ ਰਫ਼ਤਾਰ ਸੁਸਤ ਪੈ ਗਈ ਹੈ। ਅੱਠ ਬੁਨਿਆਦੀ ਉਦਯੋਗਾਂ ਵਿਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰੀਫ਼ਾਇਨਰੀ ਉਤਪਾਦ, ਖਾਦਾਂ, ਇਸਪਾਤ, ਸੀਮਿੰਟ ਅਤੇ ਬਿਜਲੀ ਆਉਂਦੇ ਹਨ।

ਅੰਕੜਿਆਂ ਮੁਤਾਬਕ ਇਸ ਮਹੀਨੇ ਵਿਚ ਕੋਲਾ, ਕੱਚੇ ਤੇਲ, ਕੁਦਰਤੀ ਗੈਸ ਅਤੇ ਰੀਫ਼ਾਇਨਰੀ ਉਤਪਾਦਾਂ ਦੇ ਉਤਪਾਦਨ ਵਿਚ ਇਸ ਤੋਂ ਪਿਛਲੇੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿਚ ਗਿਰਾਵਟ ਆਈ ਹੈ। ਚਾਲੂ ਵਿੱਤ ਵਰ੍ਹੇ ਵਿਚ ਅਪ੍ਰੈਲ-ਜੁਲਾਈ ਦੇ ਚਾਰ ਮਹੀਨਿਆਂ ਦੇ ਅਰਸੇ ਦੌਰਾਨ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਘੱਟ ਕੇ ਤਿੰਨ ਫ਼ੀ ਸਦੀ ਰਹਿ ਗਈ ਹੈ ਜਿਹੜੀ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੇ ਇਸੇ ਅਰਸੇ ਵਿਚ 5.9 ਫ਼ੀ ਸਦੀ ਰਹੀ ਸੀ।  

ਉਦਯੋਗਿਕ ਉਤਪਾਦਨ ਸੂਚਕ ਅੰਕ ਵਿਚ ਅੱਠ ਬੁਨਿਆਦੀ ਉਦਯੋਗਾਂ ਦਾ ਹਿੱਸਾ 40.27 ਫ਼ੀ ਸਦੀ ਹੈ। ਅੰਕੜਿਆਂ ਮੁਤਾਬਕ ਸੀਮਿੰਟ ਅਤੇ ਬਿਜਲੀ ਖੇਤਰ ਦੀ ਵਾਧਾ ਦਰ ਵਿਚ ਵੀ ਗਿਰਾਵਟ ਆਈ ਹੈ। ਇਸਪਾਤ ਖੇਤਰ ਦੀ ਵਾਧਾ ਦਰ ਘਟ ਕੇ 6.6 ਫ਼ੀ ਸਦੀ ਰਹਿ ਗਈ ਜੋ ਜੁਲਾਈ 2018 ਵਿਚ 6.9 ਫ਼ੀ ਸਦੀ ਸੀ। ਇਸੇ ਤਰ੍ਹਾਂ ਸੀਮਿੰਟ ਖੇਤਰ ਦੀ ਵਾਧਾ ਦਰ 11.3 ਫ਼ੀ ਸਦੀ ਤੋਂ ਘੱਟ ਕੇ 7.9 ਫ਼ੀ ਸਦੀ ਰਹਿ ਗਈ। ਬਿਜਲੀ ਖੇਤਰ ਦੀ ਵਾਧਾ ਦਰ ਜੁਲਾਈ ਵਿਚ 4.2 ਫ਼ੀ ਸਦੀ ਰਹੀ। ਪਿਛਲੇ ਸਾਲ ਇਹ 67 ਫ਼ੀ ਸਦੀ ਸੀ। ਖਾਦਾਂ ਦਾ ਉਤਪਾਦਨ 1.5 ਫ਼ੀ ਸਦੀ ਰਿਹਾ ਜਿਹੜਾ ਪਿਛਲੇ ਸਾਲ 1.3 ਫ਼ੀ ਸਦੀ ਰਿਹਾ ਸੀ।