8 ਵੱਡੇ ਸ਼ਹਿਰਾਂ ’ਚ 50 ਲੱਖ ਰੁਪਏ ਤਕ ਦੇ ਘਰਾਂ ਦੀ ਵਿਕਰੀ ’ਚ 16 ਫੀ ਸਦੀ ਦੀ ਗਿਰਾਵਟ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਚੋਟੀ ਦੇ ਅੱਠ ਸ਼ਹਿਰਾਂ ’ਚ ਪਿਛਲੇ ਸਾਲ ਸਾਰੇ ਮੁੱਲ ਵਰਗ ’ਚ ਮਕਾਨਾਂ ਦੀ ਵਿਕਰੀ 5 ਫ਼ੀ ਸਦੀ ਵਧ ਕੇ 3,29,907 ਇਕਾਈ ਹੋ ਗਈ

Representative Image.

ਨਵੀਂ ਦਿੱਲੀ: ਪਿਛਲੇ ਸਾਲ ਅੱਠ ਵੱਡੇ ਸ਼ਹਿਰਾਂ ’ਚ 50 ਲੱਖ ਰੁਪਏ ਤਕ ਦੇ ਮਕਾਨਾਂ ਦੀ ਵਿਕਰੀ 16 ਫੀ ਸਦੀ ਘੱਟ ਕੇ 98,000 ਇਕਾਈ ਰਹਿ ਗਈ। ਨਾਈਟ ਫ੍ਰੈਂਕ ਇੰਡੀਆ ਵਲੋਂ ਬੁਧਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਘਰ ਦੀ ਵਿਕਰੀ ਵਿਚ ਗਿਰਾਵਟ ਜਾਇਦਾਦ ਦੀਆਂ ਕੀਮਤਾਂ ਵਿਚ ਵਾਧੇ ਅਤੇ ਹੋਮ ਲੋਨ ’ਤੇ ਉੱਚ ਵਿਆਜ ਕਾਰਨ ਹੋਈ ਹੈ। 

ਇਸ ਦੇ ਬਾਵਜੂਦ, ਚੋਟੀ ਦੇ ਅੱਠ ਸ਼ਹਿਰ... ਦਿੱਲੀ-ਐਨ.ਸੀ.ਆਰ., ਮੁੰਬਈ ਮੈਟਰੋਪੋਲੀਟਨ ਰੀਜਨ (ਐਮ.ਐਮ.ਆਰ.), ਚੇਨਈ, ਕੋਲਕਾਤਾ, ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ’ਚ ਪਿਛਲੇ ਸਾਲ ਸਾਰੇ ਮੁੱਲ ਵਰਗ ’ਚ ਮਕਾਨਾਂ ਦੀ ਵਿਕਰੀ 5 ਫ਼ੀ ਸਦੀ ਵਧ ਕੇ 3,29,907 ਇਕਾਈ ਹੋ ਗਈ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 50 ਲੱਖ ਰੁਪਏ ਤਕ ਦੇ ਮਕਾਨਾਂ ਦੀ ਸਪਲਾਈ ’ਚ ਸਾਲ-ਦਰ-ਸਾਲ ਆਧਾਰ ’ਤੇ ਕਰੀਬ 20 ਫੀ ਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਕਿਫਾਇਤੀ ਰਿਹਾਇਸ਼ੀ ਇਕਾਈਆਂ ਦੀ ਵਿਕਰੀ ’ਚ ਗਿਰਾਵਟ ਆਈ। ਮੱਧ ਆਮਦਨ ਸਮੂਹ ਅਤੇ ਲਗਜ਼ਰੀ ਹਾਊਸਿੰਗ ਸੈਗਮੈਂਟ ਦੀ ਉੱਚ ਮੰਗ ਕਾਰਨ ਕੁਲ ਵਿਕਰੀ 10 ਸਾਲ ਦੇ ਉੱਚੇ ਪੱਧਰ ’ਤੇ ਪਹੁੰਚ ਗਈ।

ਰੀਅਲ ਅਸਟੇਟ ਸਲਾਹਕਾਰ ਨਾਈਟ ਫਰੈਂਕ ਇੰਡੀਆ ਨੇ ਇਕ ਵੈਬੀਨਾਰ ਵਿਚ ਇਹ ਰੀਪੋਰਟ ਜਾਰੀ ਕੀਤੀ। 50 ਲੱਖ ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 2022 ਵਿਚ 1,17,131 ਇਕਾਈਆਂ ਤੋਂ ਘਟ ਕੇ 2023 ਵਿਚ 97,983 ਇਕਾਈਆਂ ਰਹਿ ਗਈ।

ਇਸ ਨਾਲ ਕੁਲ ਰਿਹਾਇਸ਼ੀ ਵਿਕਰੀ ’ਚ ਕਿਫਾਇਤੀ ਘਰਾਂ ਦੀ ਹਿੱਸੇਦਾਰੀ 37 ਫ਼ੀ ਸਦੀ ਤੋਂ ਘਟ ਕੇ 30 ਫ਼ੀ ਸਦੀ ਹੋ ਗਈ ਹੈ।     1 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਪਰਵਾਰਾਂ ਦੀ ਹਿੱਸੇਦਾਰੀ 2022 ’ਚ 27 ਫ਼ੀ ਸਦੀ ਤੋਂ ਵਧ ਕੇ 2023 ’ਚ 34 ਫ਼ੀ ਸਦੀ ਹੋ ਗਈ।

ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਮਹਿੰਗੀਆਂ ਜਾਇਦਾਦਾਂ ਵਲ ਵਧਣ ਕਾਰਨ 2023 ’ਚ ਹਾਊਸਿੰਗ ਬਾਜ਼ਾਰ ’ਚ ਤੇਜ਼ੀ ਜਾਰੀ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਜ਼ਬੂਤ ਆਰਥਕ ਬੁਨਿਆਦੀ ਢਾਂਚੇ ਕਾਰਨ ਖਰੀਦਦਾਰਾਂ ਦਾ ਲੰਮੀ ਮਿਆਦ ਦਾ ਨਿਵੇਸ਼ ਕਰਨ ’ਚ ਭਰੋਸਾ ਵਧਿਆ ਹੈ।

ਸਾਲ 2018 ’ਚ ਕੁਲ ਰਿਹਾਇਸ਼ੀ ਵਿਕਰੀ ’ਚ ਕਿਫਾਇਤੀ ਘਰਾਂ ਦੀ ਹਿੱਸੇਦਾਰੀ 54 ਫੀ ਸਦੀ ਸੀ। ਮੁੰਬਈ ’ਚ 50 ਲੱਖ ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਵਿਕਰੀ 2023 ’ਚ 6 ਫੀ ਸਦੀ ਘੱਟ ਕੇ 39,093 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ 41,595 ਇਕਾਈ ਸੀ।

ਕਿਫਾਇਤੀ ਰਿਹਾਇਸ਼ੀ ਖੇਤਰ ’ਚ ਸੱਭ ਤੋਂ ਵੱਡੀ ਗਿਰਾਵਟ ਬੈਂਗਲੁਰੂ ’ਚ ਵੇਖੀ ਗਈ। ਬੈਂਗਲੁਰੂ ’ਚ ਕਿਫਾਇਤੀ ਘਰਾਂ ਦੀ ਵਿਕਰੀ 46 ਫੀ ਸਦੀ ਡਿੱਗ ਕੇ 8,141 ਇਕਾਈ ਰਹਿ ਗਈ। ਸਾਲ 2022 ’ਚ ਇਹ ਅੰਕੜਾ 15,205 ਯੂਨਿਟ ਸੀ। ਦਿੱਲੀ-ਐੱਨ.ਸੀ.ਆਰ. ਬਾਜ਼ਾਰ ’ਚ ਕਿਫਾਇਤੀ ਘਰਾਂ ਦੀ ਵਿਕਰੀ 44 ਫੀ ਸਦੀ ਘੱਟ ਕੇ 7,487 ਇਕਾਈ ਰਹਿ ਗਈ, ਜੋ 2022 ’ਚ 13,290 ਇਕਾਈ ਸੀ।

ਨਾਈਟ ਫ੍ਰੈਂਕ ਨੇ ਕਿਹਾ ਕਿ 2023 ’ਚ ਘਰਾਂ ਦੀ ਕੁਲ ਵਿਕਰੀ 5 ਫੀ ਸਦੀ ਵਧ ਕੇ 3,29,097 ਇਕਾਈ ਹੋ ਗਈ, ਜੋ ਇਸ ਤੋਂ ਪਿਛਲੇ ਸਾਲ 3,12,666 ਇਕਾਈ ਸੀ। ਮੁੰਬਈ ’ਚ ਘਰਾਂ ਦੀ ਕੁਲ ਵਿਕਰੀ 2022 ਦੇ 85,169 ਇਕਾਈਆਂ ਤੋਂ ਦੋ ਫੀ ਸਦੀ ਵਧ ਕੇ 86,871 ਇਕਾਈ ਹੋ ਗਈ। ਇਸੇ ਤਰ੍ਹਾਂ ਦਿੱਲੀ-ਐੱਨ.ਸੀ.ਆਰ. ’ਚ ਵਿਕਰੀ 3 ਫੀ ਸਦੀ ਵਧ ਕੇ 60,002 ਇਕਾਈ ਹੋ ਗਈ, ਜੋ ਪਿਛਲੇ ਸਾਲ 58,460 ਇਕਾਈ ਸੀ।

ਬੈਂਗਲੁਰੂ ’ਚ ਕੁਲ ਵਿਕਰੀ ਇਕ ਫੀ ਸਦੀ ਵਧ ਕੇ 53,363 ਇਕਾਈ ਤੋਂ 54,046 ਇਕਾਈ ਹੋ ਗਈ। ਪੁਣੇ ’ਚ ਵਿਕਰੀ 43,409 ਇਕਾਈ ਤੋਂ 13 ਫੀ ਸਦੀ ਵਧ ਕੇ 49,266 ਇਕਾਈ ਹੋ ਗਈ। ਚੇਨਈ ’ਚ ਘਰਾਂ ਦੀ ਵਿਕਰੀ 5 ਫੀ ਸਦੀ ਵਧ ਕੇ 14,920 ਇਕਾਈ ਹੋ ਗਈ। ਹੈਦਰਾਬਾਦ ’ਚ ਵਿਕਰੀ 31,046 ਇਕਾਈ ਤੋਂ 6 ਫੀ ਸਦੀ ਵਧ ਕੇ 32,880 ਇਕਾਈ ਹੋ ਗਈ।

ਕੋਲਕਾਤਾ ’ਚ ਵਿਕਰੀ 16 ਫੀ ਸਦੀ ਵਧ ਕੇ 14,999 ਇਕਾਈ ਰਹੀ। ਇਸੇ ਤਰ੍ਹਾਂ ਅਹਿਮਦਾਬਾਦ ’ਚ ਵਿਕਰੀ 15 ਫੀ ਸਦੀ ਵਧ ਕੇ 16,113 ਇਕਾਈ ਰਹੀ, ਜੋ ਪਿਛਲੇ ਸਾਲ 14,062 ਇਕਾਈ ਸੀ।