Gold and silver Price : ਸੋਨੇ ਦੇ ਮੁੱਲ ’ਚ ਮੁੜ ਵੱਡਾ ਵਾਧਾ, ਵੱਡੀ ਛਾਲ ਮਾਰ ਕੇ ਛੂਹਿਆ ਨਵਾਂ ਰੀਕਾਰਡ ਪੱਧਰ

ਏਜੰਸੀ

ਖ਼ਬਰਾਂ, ਵਪਾਰ

830 ਰੁਪਏ ਚੜ੍ਹ ਕੇ 69,200 ਰੁਪਏ ਦੇ ਨਵੇਂ ਰੀਕਾਰਡ ਪੱਧਰ ’ਤੇ ਪੁੱਜੀ ਕੀਮਤ

Gold

ਨਵੀਂ ਦਿੱਲੀ: ਆਲਮੀ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੇ ਵਿਚਕਾਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 830 ਰੁਪਏ ਦੀ ਤੇਜ਼ੀ ਨਾਲ 69,200 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਇਸ ਹਫਤੇ ਇਹ ਦੂਜੀ ਵਾਰ ਹੈ ਜਦੋਂ ਸੋਨੇ ਦੀਆਂ ਕੀਮਤਾਂ ਰੀਕਾਰਡ ਉਚਾਈ ’ਤੇ ਪਹੁੰਚੀਆਂ ਹਨ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 68,370 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 

ਚਾਂਦੀ ਦੀ ਕੀਮਤ ਵੀ ਬੁਧਵਾਰ ਨੂੰ 1,700 ਰੁਪਏ ਦੀ ਤੇਜ਼ੀ ਨਾਲ 80,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ ਦੀ ਕੀਮਤ 79,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਤੋਂ ਸੰਕੇਤ ਲੈਂਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ ਸੋਨੇ ਦੀ ਕੀਮਤ (24 ਕੈਰੇਟ) 69,200 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ, ਜੋ ਪਿਛਲੇ ਬੰਦ ਮੁੱਲ ਤੋਂ 830 ਰੁਪਏ ਵੱਧ ਹੈ।’’ ਵਿਦੇਸ਼ੀ ਬਾਜ਼ਾਰ ’ਚ ਸਪਾਟ ਸੋਨਾ 20 ਡਾਲਰ ਦੀ ਤੇਜ਼ੀ ਨਾਲ 2,275 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। 

ਜੇ.ਐਮ. ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਈ.ਬੀ.ਜੀ.-ਕਮੋਡਿਟੀ ਐਂਡ ਕਰੰਸੀ ਰੀਸਰਚ ਦੇ ਉਪ ਪ੍ਰਧਾਨ ਪ੍ਰਣਵ ਮੇਰ ਨੇ ਕਿਹਾ, ‘‘ਮੱਧ ਪੂਰਬ ’ਚ ਵਧੇ ਤਣਾਅ ਦਰਮਿਆਨ ਸੁਰੱਖਿਅਤ ਪਨਾਹਗਾਹ ਸੋਨੇ ਦੀ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ਸ਼ੁਰੂਆਤੀ ਕਾਰੋਬਾਰ ’ਚ 2,300 ਡਾਲਰ ਪ੍ਰਤੀ ਔਂਸ ਦੇ ਉਛਾਲ ਨਾਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ, ਜਦਕਿ ਐਮ.ਸੀ.ਐਕਸ. ਫਿਊਚਰਜ਼ ’ਚ ਇਹ 69,500 ਰੁਪਏ ਦੇ ਕਰੀਬ ਪਹੁੰਚ ਗਈ।’’

ਉਨ੍ਹਾਂ ਕਿਹਾ, ‘‘ਹਾਲ ਹੀ ’ਚ ਉਮੀਦ ਤੋਂ ਜ਼ਿਆਦਾ ਮਜ਼ਬੂਤ ਆਰਥਕ ਅੰਕੜਿਆਂ ਤੋਂ ਬਾਅਦ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਕਟੌਤੀ ਦੇ ਸਮੇਂ ਨੂੰ ਲੈ ਕੇ ਅਨਿਸ਼ਚਿਤਤਾ ਹੈ, ਜਿਸ ਕਾਰਨ ਸਰਾਫਾ ਕੀਮਤਾਂ ’ਚ ਵੀ ਵਾਧਾ ਹੋਇਆ ਹੈ।’’ ਇਸ ਤੋਂ ਇਲਾਵਾ ਚਾਂਦੀ ਵੀ 26.25 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ ’ਚ ਸੋਨਾ 25.55 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ।