ਸੇਬੀ ਨੇ ਅਡਾਨੀ ਸਮੂਹ ਦੀਆਂ ਛੇ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ 

ਏਜੰਸੀ

ਖ਼ਬਰਾਂ, ਵਪਾਰ

ਹਿੰਡਨਬਰਗ ਰੀਸਰਚ ਵਲੋਂ ਅਡਾਨੀ ਸਮੂਹ ਵਿਰੁਧ ਲਾਏ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਨੋਟਿਸ

Representative Image.

ਨਵੀਂ ਦਿੱਲੀ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ ਧਿਰ ਦੇ ਲੈਣ-ਦੇਣ ਦੀ ਕਥਿਤ ਉਲੰਘਣਾ ਅਤੇ ਸੂਚੀਬੱਧਤਾ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਕੰਪਨੀਆਂ ਨੇ ਸਟਾਕ ਐਕਸਚੇਂਜ ਨੂੰ ਦਿਤੀ ਜਾਣਕਾਰੀ ’ਚ ਇਹ ਜਾਣਕਾਰੀ ਦਿਤੀ। 

ਅਡਾਨੀ ਐਂਟਰਪ੍ਰਾਈਜ਼ਜ਼, ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ, ਅਡਾਨੀ ਪਾਵਰ, ਅਡਾਨੀ ਐਨਰਜੀ ਸਾਲਿਊਸ਼ਨਜ਼, ਅਡਾਨੀ ਟੋਟਲ ਗੈਸ ਅਤੇ ਅਡਾਨੀ ਵਿਲਮਰ ਨੇ ਜਨਵਰੀ-ਮਾਰਚ ਤਿਮਾਹੀ ਅਤੇ ਵਿੱਤੀ ਸਾਲ 2023-24 ਦੇ ਵਿੱਤੀ ਨਤੀਜਿਆਂ ’ਚ ਸੇਬੀ ਦੇ ਨੋਟਿਸ ਦੀ ਜਾਣਕਾਰੀ ਦਾ ਪ੍ਰਗਟਾਵਾ ਕੀਤਾ ਹੈ। 

ਕੰਪਨੀਆਂ ਨੇ ਕਿਹਾ ਕਿ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੀ ਕੋਈ ਭੌਤਿਕ ਗ਼ੈਰਪਾਲਣਾ ਨਹੀਂ ਹੋਈ ਹੈ ਅਤੇ ਇਸ ਦਾ ਕੋਈ ਭੌਤਿਕ ਨਤੀਜਾਮਈ ਅਸਰ ਨਹੀਂ ਹੈ। 
ਹਾਲਾਂਕਿ, ਅਡਾਨੀ ਟੋਟਲ ਗੈਸ ਅਤੇ ਅਡਾਨੀ ਵਿਲਮਰ ਨੂੰ ਛੱਡ ਕੇ ਬਾਕੀ ਕੰਪਨੀਆਂ ਦੇ ਆਡੀਟਰਾਂ ਨੇ ਵਿੱਤੀ ਬਿਆਨਾਂ ’ਤੇ ਸੂਚਿਤ ਰਾਏ ਜਾਰੀ ਕੀਤੀ, ਜਿਸ ਦਾ ਮਤਲਬ ਹੈ ਕਿ ਸੇਬੀ ਦੀ ਜਾਂਚ ਦੇ ਨਤੀਜਿਆਂ ਦਾ ਭਵਿੱਖ ’ਚ ਵਿੱਤੀ ਵੇਰਵਿਆਂ ’ਤੇ ਅਸਰ ਪੈ ਸਕਦਾ ਹੈ। 

ਅਡਾਨੀ ਗ੍ਰੀਨ ਐਨਰਜੀ ਨੇ ਅਜੇ ਤਕ ਅਪਣੀ ਕਮਾਈ ਦਾ ਐਲਾਨ ਨਹੀਂ ਕੀਤਾ ਹੈ। ਏ.ਸੀ.ਸੀ. ਅਤੇ ਅੰਬੂਜਾ ਸੀਮੈਂਟਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ’ਤੇ ਸੇਬੀ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਦੇ ਸਬੰਧ ’ਚ ਕੋਈ ਖੁੱਲ੍ਹਾ ਮਾਮਲਾ ਨਹੀਂ ਹੈ ਅਤੇ ਲਾਗੂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ। 

ਸੇਬੀ ਦਾ ਇਨ੍ਹਾਂ ਛੇ ਕੰਪਨੀਆਂ ਨੂੰ ਨੋਟਿਸ ਉਸ ਜਾਂਚ ਦਾ ਹਿੱਸਾ ਹੈ ਜੋ ‘ਸ਼ਾਰਟ ਸੈਲਰ’ ਹਿੰਡਨਬਰਗ ਰੀਸਰਚ ਵਲੋਂ ਜਨਵਰੀ 2023 ’ਚ ਅਡਾਨੀ ਸਮੂਹ ਵਿਰੁਧ ਕਾਰਪੋਰੇਟ ਧੋਖਾਧੜੀ ਅਤੇ ਸ਼ੇਅਰਾਂ ਦੀ ਕੀਮਤ ’ਚ ਹੇਰਾਫੇਰੀ ਦੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਕੀਤੀ ਗਈ ਸੀ। 

ਰੀਪੋਰਟ ਨਾਲ ਸ਼ੇਅਰ ਬਾਜ਼ਾਰ ’ਚ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ, ਬਾਅਦ ’ਚ ਕੀਤੀ ਵਾਪਸੀ

ਅਡਾਨੀ ਸਮੂਹ ਨੇ ਸਾਰੇ ਦੋਸ਼ਾਂ ਅਤੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਇਸ ਰੀਪੋਰਟ ਨਾਲ ਸ਼ੇਅਰ ਬਾਜ਼ਾਰ ’ਚ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਅਤੇ ਸਮੂਹ ਦਾ ਬਾਜ਼ਾਰ ਮੁੱਲ ਲਗਭਗ 150 ਅਰਬ ਅਮਰੀਕੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਹਾਲਾਂਕਿ ਬਾਅਦ ’ਚ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ’ਚ ਵਾਪਸੀ ਕੀਤੀ।