ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਏਜੰਸੀ

ਖ਼ਬਰਾਂ, ਵਪਾਰ

ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਸਿੱਖ ਵਿਅਕਤੀ ਬਣੇ

Ajay Banga being welcomed in World Bank.

ਵਾਸ਼ਿੰਗਟਨ: ਭਾਰਤੀ ਅਮਰੀਕੀ ਅਜੇ ਬੰਗਾ ਨੇ ਸ਼ੁਕਰਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਹੀ ਉਹ ਦੋ ਕੌਮਾਂਤਰੀ ਵਿੱਤੀ ਸੰਸਥਾਨਾਂ- ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਸਿੱਖ ਵਿਅਕਤੀ ਬਣ ਗਏ ਹਨ। 

ਵਿਸ਼ਵ ਬੈਂਕ ਦੇ ਕਾਰਜਕਾਰੀ ਨਿਦੇਸ਼ਕਾਂ ਨੇ ਤਿੰਨ ਮਈ ਨੂੰ ਬੰਗਾ (63) ਨੂੰ ਵਿਸ਼ਵ ਬੈਂਕ ਦੇ 14ਵੇਂ ਪ੍ਰਧਾਨ ਦੇ ਤੌਰ ’ਤੇ ਚੁਣਿਆ ਸੀ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਫ਼ਰਵਰੀ ’ਚ ਐਲਾਨ ਕੀਤਾ ਸੀ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਲਈ ਅਮਰੀਕਾ ਬੰਗਾ ਨੂੰ ਨਾਮਜ਼ਦ ਕਰੇਗਾ। 

ਵਿਸ਼ਵ ਬੈਂਕ ਨੇ ਸ਼ੁਕਰਵਾਰ ਨੂੰ ਬੰਗਾ ਦੇ ਹੈੱਡਕੁਆਰਟਰ ’ਚ ਦਾਖ਼ਲ ਹੋਣ ਵਾਲੀ ਤਸਵੀਰ ਪੋਸਟ ਕਰਦਿਆਂ ਟਵੀਟ ਕੀਤਾ, ‘‘ਸਾਡੇ ਨਾਲ ਮਿਲ ਕੇ ਵਿਸ਼ਵ ਬੈਂਕ ਸਮੂਹ ਦੇ ਨਵੇਂ ਪ੍ਰਧਾਨ ਦੇ ਰੂਪ ’ਚ ਅਜੇ ਬੰਗਾ ਦਾ ਸਵਾਗਤ ਕਰੋ। ਅਸੀਂ ਗ਼ਰੀਬੀ ਤੋਂ ਮੁਕਤ ਦੁਨੀਆ ਬਣਾਉਣ ਲਈ ਪ੍ਰਤੀਬੱਧ ਹਾਂ।’’

ਆਈ.ਐਮ.ਐਫ਼. ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲਿਨਾ ਜੌਰਜੀਆ ਨੇ ਟਵੀਟ ਕੀਤਾ, ‘‘ਮੈਂ ਅਜੇ ਬੰਗਾ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਕਿਉਂਕਿ ਉਹ ਅੱਜ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਰੂਪ ’ਚ ਅਪਣੀ ਨਵੀਂ ਭੂਮਿਕਾ ਸੰਭਾਲ ਰਹੇ ਹਨ। ਮੈਂ ਚੰਗਾ ਕਰਨ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਸਾਡੇ ਸੰਸਥਾਨਾਂ ਵਿਚਕਾਰ ਡੂੰਘੀ ਸਾਂਝੇਦਾਰੀ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ।’’

ਬੰਗਾ ਵਿਸ਼ਵ ਬੈਂਕ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਉਹ ਡੇਵਿਡ ਮਾਲਪਾਸ ਦੀ ਥਾਂ ’ਤੇ ਆਏ ਹਨ, ਜਿਨ੍ਹਾਂ ਨੇ ਫ਼ਰਵਰੀ ’ਚ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ। 

ਅਜੇ ਬੰਗਾ ਦਾ ਜਨਮ ਪੁਣੇ, ਮਹਾਰਾਸ਼ਟਰ ਦੇ ਇਕ ਸੈਣੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਫੌਜ ਦੇ ਸੇਵਾਮੁਕਤ ਲੈਫਟੀਨੈਂਟ-ਜਨਰਲ ਸਨ, ਜੋ ਉਸ ਸਮੇਂ ਪੁਣੇ ਦੀ ਖੜਕੀ ਛਾਉਣੀ ’ਚ ਤਾਇਨਾਤ ਸਨ। ਹਾਲਾਂਕਿ ਮੂਲ ਰੂਪ ਵਿਚ ਉਨ੍ਹਾਂ ਦਾ ਪਰਿਵਾਰ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹੈ। ਅਜੇ ਬੰਗਾ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਟ ਹਨ ਅਤੇ ਆਈਆਈਐਮ ਅਹਿਮਦਾਬਾਦ ਤੋਂ ਐਮ.ਬੀ.ਏ. ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਬੰਗਾ ਇਸ ਤੋਂ ਪਹਿਲਾਂ ਮਾਸਟਰਕਾਰਡ ਦੇ ਸਾਬਕਾ ਸੀ.ਈ.ਓ. ਰਹੇ ਨੇ ਅਤੇ ਬੰਗਾ ਕੋਲ ਵਿੱਤ ਤੇ ਵਿਕਾਸ ਵਿੱਚ ਵਿਆਪਕ ਤਜਰਬਾ ਹੈ। ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਅਤੇ ਹੋਰ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਨੂੰ ਮਜ਼ਬੂਤ ​ਕਰਨ ਦਾ ਕੰਮ ਸੌਂਪਿਆ ਗਿਆ ਹੈ।