Indian Economy: 2029 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ - ਰਿਪੋਰਟ 

ਏਜੰਸੀ

ਖ਼ਬਰਾਂ, ਵਪਾਰ

ਜਾਪਾਨ ਰਹਿ ਜਾਵੇਗਾ ਪਿੱਛੇ

India will become the third largest economy in the world by 2029

 

ਨਵੀਂ ਦਿੱਲੀ -  ਭਾਰਤ ਦੀ ਅਰਥਵਿਵਸਥਾ ਪੂਰੀ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। 2014 ਤੋਂ ਬਾਅਦ ਕੀਤੇ ਗਏ ਢਾਂਚਾਗਤ ਬਦਲਾਅ ਦੇ ਕਾਰਨ, ਭਾਰਤ ਦੀ ਆਰਥਿਕਤਾ ਹੁਣ ਯੂਨਾਈਟਿਡ ਕਿੰਗਡਮ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਇਨ੍ਹਾਂ ਤਬਦੀਲੀਆਂ ਨਾਲ ਮੌਜੂਦਾ ਵਿਕਾਸ ਦਰ ਦੇ ਹਿਸਾਬ ਨਾਲ ਭਾਰਤ 2027 ਵਿਚ ਜਰਮਨੀ ਅਤੇ 2029 ਤੱਕ ਜਾਪਾਨ ਨਾਲੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਹ ਸਾਰੀਆਂ ਗੱਲਾਂ ਐਸਬੀਆਈ ਦੁਆਰਾ ਜਾਰੀ ਕੀਤੀ ਗਈ ਇੱਕ ਖੋਜ ਰਿਪੋਰਟ ਵਿਚ ਕਹੀਆਂ ਗਈਆਂ ਹਨ।

 

SBI ਦੇ ਆਰਥਿਕ ਖੋਜ ਵਿਭਾਗ ਨੇ ਰਿਪੋਰਟ ਦਿੱਤੀ ਹੈ ਕਿ ਦਸੰਬਰ 2021 ਵਿਚ, ਭਾਰਤ ਦੀ ਅਰਥਵਿਵਸਥਾ ਯੂਕੇ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਇਹ 2029 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਇਸ ਸਮੇਂ ਦੌਰਾਨ ਭਾਰਤੀ ਅਰਥਵਿਵਸਥਾ ਸੱਤ ਸਥਾਨਾਂ ਤੱਕ ਵਧੇਗੀ। 2014 ਵਿਚ ਭਾਰਤੀ ਅਰਥਵਿਵਸਥਾ ਦੀ ਰੈਂਕਿੰਗ 10ਵੀਂ ਸੀ। ਐਸਬੀਆਈ ਦੇ ਸਮੂਹ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਕਿਹਾ ਕਿ ਮੌਜੂਦਾ ਵਿਕਾਸ ਦਰ ਦੇ ਹਿਸਾਬ ਨਾਲ ਭਾਰਤ ਨੂੰ 2027 ਵਿਚ ਜਰਮਨੀ ਅਤੇ 2029 ਵਿਚ ਜਾਪਾਨ ਨੂੰ ਪਛਾੜ ਦੇਣਾ ਚਾਹੀਦਾ ਹੈ। ਇਹ ਇੱਕ ਵੱਡੀ ਪ੍ਰਾਪਤੀ ਹੋਵੇਗੀ। 

 

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ 'ਚ ਭਾਰਤ ਦੀ ਅਰਥਵਿਵਸਥਾ ਦੀ ਵਿਕਾਸ ਦਰ 13.5 ਫੀਸਦੀ ਰਹੀ ਹੈ। ਭਾਰਤ ਇਸ ਵਿੱਤੀ ਸਾਲ ਵਿਚ ਪ੍ਰਮੁੱਖ ਅਰਥਵਿਵਸਥਾਵਾਂ ਵਿਚੋਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ। ਵਿੱਤੀ ਸਾਲ 2022-23 ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਮੌਜੂਦਾ 6.7 ਪ੍ਰਤੀਸ਼ਤ ਤੋਂ 7.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਅਨਿਸ਼ਚਿਤਤਾਵਾਂ ਦੇ ਵਿਚਕਾਰ, ਸਾਡਾ ਮੰਨਣਾ ਹੈ ਕਿ 6 ਫੀਸਦੀ ਤੋਂ 6.5 ਫੀਸਦੀ ਦਾ ਵਾਧਾ ਭਾਰਤ ਲਈ 'ਨਵਾਂ ਆਮ' ਹੈ।  ਵਿਸ਼ਵ ਅਰਥਵਿਵਸਥਾ ਵਿਚ ਭਾਰਤ ਦੀ ਹਿੱਸੇਦਾਰੀ ਵਧ ਕੇ 3.5 ਫੀਸਦੀ ਹੋ ਗਈ ਹੈ, ਜੋ 2027 ਤੱਕ 4 ਫ਼ੀਸਦੀ ਤੱਕ ਜਾ ਸਕਦੀ ਹੈ। 2014 ਵਿਚ ਇਹ 2.6% ਸੀ। ਇਸ ਸਮੇਂ ਵਿਸ਼ਵ ਅਰਥਵਿਵਸਥਾ ਵਿਚ ਜਰਮਨੀ ਦੀ ਹਿੱਸੇਦਾਰੀ 4 ਫੀਸਦੀ ਹੈ।