Gold and silver prices : ਤਿਉਹਾਰੀ ਮੰਗ ਕਾਰਨ ਸੋਨਾ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ 78,450 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚਿਆ
Gold and silver prices : ਚਾਂਦੀ ਦੀ ਕੀਮਤ ਵੀ 1,035 ਰੁਪਏ ਦੀ ਤੇਜ਼ੀ ਨਾਲ 94,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ
ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੌਰਾਨ ਗਹਿਣੇ ਵੇਚਣ ਵਾਲਿਆਂ ਅਤੇ ਪ੍ਰਚੂਨ ਗਾਹਕਾਂ ਦੀ ਮੰਗ ਵਧਣ ਨਾਲ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 150 ਰੁਪਏ ਦੀ ਤੇਜ਼ੀ ਨਾਲ 78,450 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ। ਵੀਰਵਾਰ ਨੂੰ ਸੋਨਾ 78,300 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਚਾਂਦੀ ਦੀ ਕੀਮਤ ਵੀ 1,035 ਰੁਪਏ ਦੀ ਤੇਜ਼ੀ ਨਾਲ 94,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ’ਚ 94,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ 93,165 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਇਸ ਤੋਂ ਇਲਾਵਾ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਦੀ ਤੇਜ਼ੀ ਨਾਲ 78,100 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ।
ਸਰਾਫ਼ਾ ਵਪਾਰੀਆਂ ਨੇ ਕੀਮਤੀ ਧਾਤਾਂ ’ਚ ਵਾਧੇ ਦਾ ਕਾਰਨ ਚੱਲ ਰਹੇ ‘ਨਰਾਤਿਆਂ’ ਦੇ ਤਿਉਹਾਰ ਕਾਰਨ ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਖਰੀਦਦਾਰੀ ’ਚ ਵਾਧਾ ਦਸਿਆ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਦਸੰਬਰ ਡਿਲਿਵਰੀ ਵਾਲੇ ਸੋਨੇ ਦੇ ਸੌਦੇ 131 ਰੁਪਏ ਯਾਨੀ 0.17 ਫੀ ਸਦੀ ਦੀ ਤੇਜ਼ੀ ਨਾਲ 76,375 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਏ।
ਆਨੰਦ ਰਾਠੀ ਸ਼ੇਅਰਜ਼ ਐਂਡ ਸਟਾਕ ਬ੍ਰੋਕਰਜ਼ ਦੇ ਏ.ਵੀ.ਪੀ. (ਕਮੋਡਿਟੀਜ਼ ਐਂਡ ਕਰੰਸੀਜ਼) ਮਨੀਸ਼ ਸ਼ਰਮਾ ਨੇ ਕਿਹਾ, ‘‘ਚਾਂਦੀ ’ਚ ਤੇਜ਼ੀ ਵੇਖਣ ਨੂੰ ਮਿਲੀ ਕਿਉਂਕਿ ਭਾਰਤ ’ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਕਾਰਨ ਬਾਜ਼ਾਰਾਂ ’ਚ ਮਜ਼ਬੂਤ ਸਪਾਟ ਮੰਗ ਕਾਰਨ ਭਾਗੀਦਾਰਾਂ ਨੇ ਅਪਣੇ ਸੌਦੇ ਵਧਾਏ।’’
ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਚ ਦਸੰਬਰ ਡਿਲਿਵਰੀ ਵਾਲੀ ਚਾਂਦੀ 219 ਰੁਪਏ ਯਾਨੀ 0.24 ਫੀ ਸਦੀ ਦੀ ਤੇਜ਼ੀ ਨਾਲ 93,197 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਸ਼ਰਮਾ ਨੇ ਕਿਹਾ, ‘‘ਕਾਮੈਕਸ ’ਚ ਚਾਂਦੀ ਦਾ ਵਾਅਦਾ ਅਗਲੇ ਹਫਤੇ ਦੀ ਸ਼ੁਰੂਆਤ ’ਚ ਮਜ਼ਬੂਤ ਕੀਮਤ ਦਾ ਸੰਕੇਤ ਦਿੰਦਾ ਹੈ ਅਤੇ ਆਉਣ ਵਾਲੇ ਸੈਸ਼ਨਾਂ ’ਚ ਇਹ ਨਵੀਂ ਉਚਾਈ ’ਤੇ ਪਹੁੰਚ ਸਕਦਾ ਹੈ।’’
ਏਸ਼ੀਆਈ ਕਾਰੋਬਾਰੀ ਘੰਟਿਆਂ ’ਚ ਕਾਮੈਕਸ ਸੋਨਾ 2,678.90 ਡਾਲਰ ਪ੍ਰਤੀ ਔਂਸ ’ਤੇ ਸਥਿਰ ਕਾਰੋਬਾਰ ਕਰ ਰਿਹਾ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ ਟ੍ਰੇਡਿੰਗ) ਮਾਨਵ ਮੋਦੀ ਨੇ ਕਿਹਾ, ‘‘ਪਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਸੁਰੱਖਿਅਤ ਪਨਾਹਗਾਹ ਨਿਵੇਸ਼ ਦੀ ਮੰਗ ਕਾਰਨ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ।’’ ਹਾਲਾਂਕਿ ਵਿਦੇਸ਼ੀ ਬਾਜ਼ਾਰਾਂ ’ਚ ਚਾਂਦੀ ਦੀ ਕੀਮਤ ’ਚ ਗਿਰਾਵਟ ਵੇਖਣ ਨੂੰ ਮਿਲੀ ਅਤੇ ਇਹ 32.37 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਈ।