Gurugram ’ਚ ਪਹੁੰਚੀ ਟੈਸਲਾ ਦੀ ਬਿਨਾ ਡਰਾਈਵਰ ਤੋਂ ਚੱਲਣ ਵਾਲੀ ਕਾਰ
ਬੁਕਿੰਗ ਤੋਂ ਬਾਅਦ ਗ੍ਰਾਹਕਾਂ ਨੂੰ ਕਾਰ ਲੈਣ ਲਈ ਕਰਨਾ ਪਵੇਗਾ ਇਕ ਮਹੀਨੇ ਦਾ ਇੰਤਜ਼ਾਰ
ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਟੈਸਲਾ ਦੀ ਇਲੈਕਟ੍ਰਿਕ ਕਾਰ ਨੇ ਗੁਰੂਗ੍ਰਾਮ ’ਚ ਦਸਤਕ ਦੇ ਦਿੱਤੀ ਹੈ। ਟੈਸਲਾ ਨੇ ਸ਼ਹਿਰ ਦੇ ਸਭ ਤੋਂ ਵੱਡੇ ਐਂਬੀਐਂਸ ਮੌਲ ’ਚ ਆਪਣਾ ਨਵਾਂ ਆਟੋਨਾਮਸ ਮਾਡਲ ਲਾਂਚ ਕੀਤਾ। ਇਸ ’ਚ ਬਿਨਾ ਡਰਾਈਵਰ ਤੋਂ ਚੱਲਣ ਵਾਲੇ ਫੀਚਰ ਦਿੱਤੇ ਗਏ ਹਨ ਹਾਲਾਂਕਿ ਇਸ ਦਾ ਲਾਭ ਉਠਾਉਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਸਰਕਾਰ ਨੇ ਹਾਲੇ ਤੱਕ ਬਿਨਾ ਡਰਾਈਵਰ ਤੋਂ ਚੱਲਣ ਵਾਲੀਆਂ ਕਾਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਲਈ ਫਿਲਹਾਲ ਇਸ ਨੂੰ ਕੇਵਲ ਮੈਨੂਅਲ ਮੋਡ ’ਤੇ ਚਲਾਇਆ ਜਾਵੇਗਾ।
ਇਹ ਕਾਰ ਐਂਬੀਐਂਸ ਮੌਲ ਦੇ ਮੇਨ ਗੇਟ ਦੇ ਕੋਲ ਗਰਾਊਂਡ ਫਲੋਰ ’ਤੇ ਖੜ੍ਹੀ ਹੈ। ਜਿਥੇ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਲਈ ਇਹ ਖਿੱਚ ਦਾ ਕੇਂਦਰ ਅਤੇ ਸੈਲਫੀ ਪੁਆਇੰਟ ਬਣ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਲ ’ਚ ਆਉਣ ਵਾਲੇ ਗ੍ਰਾਹਕ ਇਸ ਹਾਈਟੈਕ ਗੱਡੀ ਦੇ ਆਲੇ-ਦੁਆਲੇ ਘੁੰਮਦੇ ਦੇਖੇ ਜਾ ਸਕਦੇ ਹਨ। ਬੱਚੇ, ਨੌਜਵਾਨ ਅਤੇ ਪਰਿਵਾਰ ਉਤਸ਼ਾਹ ਨਾਲ ਇਸ ਕਾਰ ਦੇ ਨਾਲ ਤਸਵੀਰਾਂ ਖਿਚਵਾ ਰਹੇ ਹਨ ਅਤੇ ਟੈਸਲਾ ਦੇ ਪ੍ਰਤੀਨਿਧੀਆਂ ਤੋਂ ਇਸ ਦੀ ਖੂਬੀਆਂ ਬਾਰੇ ’ਚ ਪੁੱਛਗਿੱਛ ਕਰ ਰਹੇ ਹਨ। ਲੋਕ ਕਾਰ ਦੇ ਇੰਟੀਰੀਅਰ, ਟੱਚਸਕਰੀਨ ਡਿਸਪਲੇਅ ਅਤੇ ਆਟੋ ਪਾਇਲਟ ਡੈਮੋ ਵਾਲੇ ਵੀਡੀਓ ਸ਼ੇਅਰ ਕਰ ਰਹੇ ਹਨ।
ਮੌਲ ਪ੍ਰਬੰਧਕਾਂ ਵੱਲੋਂ ਕਾਰ ਦੇ ਚਾਰੇ ਪਾਸੇ ਵਿਸ਼ੇਸ਼ ਬੈਰੀਕੇਡਿੰਗ ਕੀਤੀ ਗਈ ਸੀ ਪਰ ਕੰਪਨੀ ਨੇ ਉਸ ਨੂੰ ਹਟਾ ਦਿੱਤਾ ਅਤੇ ਲੋਕ ਕਾਰ ਦੇ ਅੰਦਰ ਬੈਠ ਕੇ ਮੌਜ ਮਸਤੀ ਕਰਦੇ ਹੋਏ ਨਜਰ ਆਏ। ਇਹ ਟੈਸਲਾ ਕਾਰ ਮਾਡਲ ਵਾਈ ਵੇਰੀਏਂਟ ਹੈ ਜੋ ਫੁੱਲ ਸੈਲਫ ਡਰਾਈਵਿੰਗ ਦੀ ਸਮਰਥਾ ਨਾਲ ਲੈਸ ਹੈ।