ਸੋਨੇ ਦੀ ਕੀਮਤ 89,300 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪੁੱਜੀ
ਚਾਂਦੀ 1,000 ਰੁਪਏ ਚੜ੍ਹ ਕੇ 89,300 ਰੁਪਏ ਪ੍ਰਤੀ ਕਿੱਲੋ ਹੋਈ
ਨਵੀਂ ਦਿੱਲੀ : ਮਜ਼ਬੂਤ ਆਲਮੀ ਰੁਝਾਨ ਵਿਚਕਾਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 300 ਰੁਪਏ ਦੀ ਤੇਜ਼ੀ ਨਾਲ 89,300 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 89,000 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 20 ਫ਼ਰਵਰੀ ਨੂੰ ਸੋਨਾ 89,450 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਸੁਰੱਖਿਅਤ ਪਨਾਹਗਾਹ ਸੰਪਤੀਆਂ ਦੀ ਮੰਗ ਅਤੇ ਅਮਰੀਕੀ ਡਾਲਰ ਦੇ ਨਰਮ ਹੋਣ ਨਾਲ ਸੋਨੇ ਦੀਆਂ ਕੀਮਤਾਂ ’ਚ ਬੁਧਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦਾ ਰੁਝਾਨ ਜਾਰੀ ਰਿਹਾ। ਗਾਂਧੀ ਨੇ ਕਿਹਾ ਕਿ ਇਸ ਤੋਂ ਇਲਾਵਾ, ਅਮਰੀਕੀ ਟੈਰਿਫ ਲਾਗੂ ਕਰਨ ਅਤੇ ਕੈਨੇਡਾ ਅਤੇ ਚੀਨ ਵਲੋਂ ਜਵਾਬੀ ਜਵਾਬੀ ਕਾਰਵਾਈ ਨੇ ਵਪਾਰ ਜੰਗ ਦੇ ਵਧਣ ਅਤੇ ਵਿਸ਼ਵ ਵਿਆਪੀ ਆਰਥਕ ਮੰਦੀ ਦੀ ਸੰਭਾਵਨਾ ਨੂੰ ਵਧਾ ਦਿਤਾ ਹੈ।
99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ 88,900 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ ਵੀ ਮੰਗਲਵਾਰ ਨੂੰ 98,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਬੰਦ ਪੱਧਰ ਤੋਂ 1,000 ਰੁਪਏ ਦੀ ਤੇਜ਼ੀ ਨਾਲ 99,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।