ਫ਼ਲਿਪਕਾਰਟ ਦੇ 75 ਫ਼ੀ ਸਦੀ ਸ਼ੇਅਰ ਖ਼ਰੀਦੇਗੀ ਵਾਲਮਾਰਟ, 1 ਲੱਖ ਕਰੋਡ਼ ਰੁਪਏ 'ਚ ਹੋ ਸਕਦੈ ਸੌਦਾ
ਦੇਸ਼ ਦੀ ਨੰਬਰ - 1 ਈ - ਕਾਮਰਸ ਕੰਪਨੀ ਫ਼ਲਿਪਕਾਰਟ ਨੂੰ ਅਮਰੀਕੀ ਕੰਪਨੀ ਵਾਲਮਾਰਟ ਇੰਕ ਖ਼ਰੀਦਣ ਜਾ ਰਹੀ ਹੈ। ਸੌਦਾ 1,500 ਕਰੋਡ਼ ਡਾਲਰ (ਲਗਭੱਗ 1 ਲੱਖ ਕਰੋਡ਼ ਰੁਪਏ)...
ਬੈਂਗਲੁਰੂ : ਦੇਸ਼ ਦੀ ਨੰਬਰ - 1 ਈ - ਕਾਮਰਸ ਕੰਪਨੀ ਫ਼ਲਿਪਕਾਰਟ ਨੂੰ ਅਮਰੀਕੀ ਕੰਪਨੀ ਵਾਲਮਾਰਟ ਇੰਕ ਖ਼ਰੀਦਣ ਜਾ ਰਹੀ ਹੈ। ਸੌਦਾ 1,500 ਕਰੋਡ਼ ਡਾਲਰ (ਲਗਭੱਗ 1 ਲੱਖ ਕਰੋਡ਼ ਰੁਪਏ) ਵਿਚ ਹੋ ਸਕਦਾ ਹੈ। ਫ਼ਲਿਪਕਾਰਟ ਦੇ ਬੋਰਡ ਨੇ ਇਸ ਸੌਦੇ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਸੌਦੇ ਤਹਿਤ ਵਾਲਮਾਰਟ ਈ - ਕਾਮਰਸ ਕੰਪਨੀ ਫ਼ਲਿਪਕਾਰਟ 'ਚ 75 ਫ਼ੀ ਸਦੀ ਹਿਸੇਦਾਰੀ ਖ਼ਰੀਦੇਗੀ।
ਇਹ ਕੋਮਾਂਤਰੀ ਬਾਜ਼ਾਰ 'ਚ ਵਿਸਥਾਰ ਯੋਜਨਾ ਤਹਿਤ ਇਕ ਵੱਡਾ ਕਦਮ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਫ਼ਲਿਪਕਾਰਟ ਨਾਲ ਇਸ ਡੀਲ ਤੋਂ ਐਮਾਜ਼ੋਨ.ਕਾਮ ਨਾਲ ਵਾਲਮਾਰਟ ਦੀ ਜੰਗ ਅੱਗੇ ਵਧੇਗੀ। ਇਹ ਲੜਾਈ ਭਾਰਤ ਦੇ ਵਧਦੇ ਈ - ਕਾਮਰਸ ਮਾਰਕੀਟ ਲਈ ਹੋ ਰਹੀ ਹੈ। ਅਨੁਮਾਨ ਮੁਤਾਬਕ, ਇਕ ਦਹਾਕੇ 'ਚ ਇਹ ਮਾਰਕੀਟ 200 ਅਰਬ ਡਾਲਰ ਦਾ ਹੋ ਜਾਵੇਗਾ।
ਵਾਲਮਾਰਟ ਅਤੇ ਫ਼ਲਿਪਕਾਰਟ 'ਚ ਇਸ ਡੀਲ ਨਾਲ ਭਾਰਤ 'ਚ ਐਮਾਜ਼ੋਨ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਇਸ ਤੋਂ ਪਹਿਲਾਂ ਮੀਡੀਆ 'ਚ ਕੁਝ ਅਜਿਹੀ ਵੀ ਖਬਰਾਂ ਆਈਆਂ ਸਨ ਕਿ ਐਮਾਜ਼ੋਨ ਭਾਰਤ ਦੀ ਸੱਭ ਤੋਂ ਵੱਡੀ ਈ - ਕਾਮਰਸ ਕੰਪਨੀ ਨੂੰ ਖ਼ਰੀਦਣ ਲਈ ਵੱਡਾ ਆਫ਼ਰ ਦੇਣ ਦੀਆਂ ਸੰਭਾਵਨਾਵਾਂ ਲੱਭ ਰਹੀ ਹੈ। ਐਮਾਜ਼ੋਨ ਦੁਨੀਆਂ ਦੀ ਸੱਭ ਤੋਂ ਵੱਡੀ ਈ - ਕਾਮਰਸ ਕੰਪਨੀ ਹੈ ਅਤੇ ਉਸ ਨੂੰ ਭਾਰਤ 'ਚ ਸੱਭ ਤੋਂ ਮਜ਼ਬੂਤ ਚੁਣੋਤੀ ਫ਼ਲਿਪਕਾਰਟ ਵਲੋਂ ਹੀ ਮਿਲ ਰਹੀ ਹੈ।
ਇਸ ਨਾਲ ਹੀ ਐਮਾਜ਼ੋਨ ਦੀ ਭਾਰਤੀ ਬਾਜ਼ਾਰ ਵਿਚ ਪਹੁੰਚ ਦਖ਼ਲ ਵਧਾਉਣ ਲਈ ਹਜ਼ਾਰਾਂ ਕਰੋਡ਼ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ। ਐਮਾਜ਼ੋਨ ਦੇ ਸਾਬਕਾ ਕਰਮਚਾਰੀ ਸਚਿਨ ਬੰਸਲ ਅਤੇ ਬਿਨੀ ਬੰਸਲ ਵੱਲੋਂ 2007 ਵਿਚ ਸਥਾਪਤ ਫ਼ਲਿਪਕਾਰਟ ਦਾ ਭਾਰਤ ਦੇ 40 ਫ਼ੀ ਸਦੀ ਆਨਲਾਈਨ ਰਿਟੇਲ ਮਾਰਕੀਟ ਉਤੇ ਕਬਜ਼ਾ ਹੈ। ਰਿਸਰਚ ਕੰਪਨੀ ਫ਼ਾਰੇਸਟਰ ਮੁਤਾਬਕ ਐਮਾਜ਼ੋਨ ਫ਼ਿਲਹਾਲ ਫ਼ਲਿਪਕਾਰਟ ਤੋਂ ਪਿੱਛੇ ਹੈ।