ਜਾਣੋ ਸਰਕਾਰ ਨੇ ਕਿਉਂ ਏਅਰਲਾਈਨ ਕੰਪਨੀਆਂ ਦੀ ‘ਲਾਈ ਕਲਾਸ’ !

ਏਜੰਸੀ

ਖ਼ਬਰਾਂ, ਵਪਾਰ

ਏਅਰਲਾਈਨਸ ਸਲਾਹਕਾਰ ਸਮੂਹ ਦੀ ਬੈਠਕ, ਕਿਰਾਇਆ ਠੀਕ-ਠੀਕ ਰੱਖਣ ਲਈ ਕਿਹਾ

Spike in airfare

ਨਵੀਂ ਦਿੱਲੀ 5 ਜੂਨ: ਹਵਾਈ ਕਿਰਾਏ ’ਚ ਜਾਰੀ ਉਛਾਲ ਵਿਚਕਾਰ ਸਰਕਾਰ ਨੇ ਸੋਮਵਾਰ ਨੂੰ ਹਵਾਈ ਜਹਾਜ਼ ਕੰਪਨੀਆਂ ਨੂੰ ਕਿਰਾਇਆ ਜਾਇਜ਼ ਪੱਧਰ ’ਤੇ ਰੱਖਣ ਲਈ ਵਿਵਸਥਾ ਬਣਾਉਣ ਨੂੰ ਕਿਹਾ ਹੈ। 

ਏਅਰਲਾਈਨਸ ਸਲਾਹਕਾਰ ਸਮੂਹ ਦੀ ਇਕ ਘੰਟੇ ਤਕ ਚੱਲੀ ਬੈਠਕ ’ਚ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦੇਸ਼ ’ਚ ਕੁਝ ਖ਼ਾਸ ਹਵਾਈ ਮਾਰਗਾਂ ’ਤੇ ਕਿਰਾਏ ’ਤੇ ਆਏ ਉਛਾਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। 

ਇਸ ਦੇ ਨਾਲ ਹੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਕਿਸੇ ਬਿਪਤਾ ਦੀ ਸਥਿਤੀ ’ਚ ਏਅਰਲਾਈਨਜ਼ ਨੂੰ ਇਨਸਾਨੀਅਤ ਨੂੰ ਧਿਆਨ ’ਚ ਰਖਦਿਆਂ ਟਿਕਟਾਂ ਦੀਆਂ ਕੀਮਤਾਂ ’ਤੇ ਸਖ਼ਤ ਨਜ਼ਰ ਰੱਖਣੀ ਹੋਵੇਗੀ ਤਾਕਿ ਉਸ ਇਲਾਕੇ ’ਚ ਟਿਕਟਾਂ ਦੀਆਂ ਕੀਮਤਾਂ ’ਚ ਅਚਾਨਕ ਵਾਧੇ ਨੂੰ ਕਾਬੂ ਕੀਤਾ ਜਾ ਸਕੇ। 

ਓਡੀਸ਼ਾ ਦੇ ਬਾਲਾਸੋਰ ’ਚ ਹੋਏ ਭਿਆਨਕ ਰੇਲ ਹਾਦਸੇ ਨੂੰ ਵੇਖਦਿਆਂ ਸਰਕਾਰ ਨੇ ਹਵਾਈ ਜਹਾਜ਼ ਕੰਪਨੀਆਂ ਨੂੰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਮੁਫ਼ਤ ਕਾਰਗੋ ਸੇਵਾਵਾਂ ਦੇਣ ਦੀ ਵੀ ਸਲਾਹ ਦਿਤੀ ਹੈ। 

ਗੋ ਫ਼ਰਸਟ ਏਅਰਲਾਈਨ ਨੂੰ ਦਿਵਾਲੀਆ ਹੋਣ ਤੋਂ ਬਚਾਉਣ ਲਈ ਉਨ੍ਹਾਂ ਦੇ ਕਿਰਾਏ ’ਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਮਾਰਗਾਂ ’ਤੇ ਵੀ ਏਅਰਲਾਈਨ ਕੰਪਨੀਆਂ ਨੇ ਕਿਰਾਏ ਨੂੰ ਉੱਚੇ ਪੱਧਰ ’ਤੇ ਰਖਿਆ ਹੋਇਆ ਹੈ। ਇਸ ਨੂੰ ਲੈ ਕੇ ਵਿਆਪਕ ਪੱਧਰ ’ਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। 

ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਯਾਤਰੀਆਂ ਨੂੰ ਬਚਾਉਣ ਲਈ ਬੈਠਕ ਸੱਦੀ ਗਈ ਸੀ। ਹਵਾਈ ਕਿਰਾਏ ਦੀ ਵਿਵਸਥਾ ’ਤੇ ਹਵਾਬਾਜ਼ੀ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਵੀ ਨਜ਼ਰ ਰੱਖੇਗਾ। 

ਮੌਜੂਦਾ ਸਮੇਂ ਸਰਕਾਰ ਨੇ ਹਵਾਈ ਕਿਰਾਏ ਨੂੰ ਰੈਗੂਲੇਸ਼ਨ ਤੋਂ ਮੁਕਤ ਰਖਿਆ ਹੋਇਆ ਹੈ। ਇਸ ਤਰ੍ਹਾਂ ਏਅਰਲਾਈਨਜ਼ ਨੂੰ ਹੀ ਹਵਾਈ ਟਿਕਟਾਂ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ।