ਸਰਕਾਰ ਨੇ ਚੀਨੀ ਕੰਪਨੀ Xiaomi ਨੂੰ ਦਿੱਤਾ ਵੱਡਾ ਝਟਕਾ, Browser ‘ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ ਇਕ ਹੋਰ ਚੀਨੀ ਐਪ QQ ਇੰਟਰਨੈਸ਼ਨਲ ਨੂੰ ਵੀ ਬੈਨ ਕਰਨ ਦਾ ਆਦੇਸ਼ ਦਿੱਤਾ ਹੈ।

Government bans browser offered by Xiaomi on its phones

ਨਵੀਂ ਦਿੱਲੀ: ਭਾਰਤ ਸਰਕਾਰ ਨੇ ਚੀਨੀ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸ਼ਿਓਮੀ ਵੱਲੋਂ ਬਣਾਏ ਬ੍ਰਾਊਜ਼ਰ 'Action Mi Browser Pro- Video Download, Free Fast & Secure'  ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਪਿਛਲੇ ਦਿਨੀਂ ਹੀ 59 ਚੀਨੀ ਐਪਸ ‘ਤੇ ਪਾਬੰਦੀ ਲਗਾਈ ਸੀ। 

ਸਰਕਾਰ ਨੇ ਇਕ ਹੋਰ ਚੀਨੀ ਐਪ QQ ਇੰਟਰਨੈਸ਼ਨਲ ਨੂੰ ਵੀ ਬੈਨ ਕਰਨ ਦਾ ਆਦੇਸ਼ ਦਿੱਤਾ ਹੈ। ਸ਼ਿਓਮੀ ਬ੍ਰਾਊਜ਼ਰ ਖਿਲਾਫ ਕਾਰਵਾਈ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਉਪਕਰਣ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਪਕਰਣ ਦੇ ਪ੍ਰਦਰਸ਼ਨ ‘ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਗਾਹਕ ਅਪਣੀ ਸੁਵਿਧਾ ਅਨੁਸਾਰ ਕੋਈ ਵੀ ਬ੍ਰਾਊਜ਼ਰ ਡਾਊਨਲੋਡ ਕਰ ਸਕਦੇ ਹਨ।

ਸ਼ਿਓਮੀ ਨੇ ਦੇਸ਼ ਵਿਚ 10 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਵੇਚੇ ਹਨ ਅਤੇ ਇਹ ਮੋਬਾਈਲ ਬ੍ਰਾਂਡ ਦੀ ਮੋਹਰੀ ਕੰਪਨੀ ਹੈ। ਇਸ ਮਾਮਲੇ ‘ਤੇ ਕੰਪਨੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਕੰਪਨੀ ਨੇ ਦੱਸਿਆ ਕਿ ਉਹ ਸਥਾਨਕ ਡਾਟਾ ਸੁਰੱਖਿਆ ਅਤੇ ਹੋਰ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੀ ਹੈ। ਸ਼ਿਓਮੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਵਿਕਾਸ ਨੂੰ ਸਮਝਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ ਅਤੇ ਲੋੜ ਅਨੁਸਾਰ ਸਹੀ ਕਦਮ ਚੁੱਕਾਂਗੇ।

ਸ਼ਿਓਮੀ ਇਕ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਹੈ। ਇਸ ਦੀ ਮਸ਼ਹੂਰੀ ਇੰਨੀ ਜ਼ਿਆਦਾ ਹੈ ਕਿ ਇਸ ਨੂੰ 'ਐਪਲ ਆਫ ਚਾਈਨਾ' ਵੀ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਚੀਨ ਨਾਲ ਜਾਰੀ ਸੀਮਾ ਵਿਵਾਦ ਦੇ ਚਲਦਿਆਂ ਭਾਰਤ ਨੇ 29 ਜੂਨ ਨੂੰ ਡਿਜ਼ੀਟਲ ਸਟ੍ਰਾਈਕ ਕਰਦੇ ਹੋਏ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹਨਾਂ ਵਿਚ ਮਸ਼ਹੂਰ ਐਪ ਟਿਕਟਾਕ, ਸ਼ੇਅਰ ਇਟ, ਯੂਸੀ ਬ੍ਰਾਊਜ਼ਰ ਸਮੇਤ ਕਈ ਐਪ ਸ਼ਾਮਲ ਸਨ।

ਇਸ ਤੋਂ ਬਾਅਦ ਸਰਕਾਰ ਨੇ 27 ਜੁਲਾਈ ਨੂੰ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ।  ਸੂਤਰਾਂ ਨੇ ਕਿਹਾ ਕਿ ਆਈ ਟੀ ਮੰਤਰਾਲੇ ਦੀ ਇਕ ਅੰਦਰੂਨੀ ਕਮੇਟੀ ਐਪਸ ਵੱਲੋਂ ਕੀਤੀਆਂ ਗਈਆਂ ਬੇਨਤੀਆਂ 'ਤੇ ਵਿਚਾਰ ਕਰ ਰਹੀ ਹੈ। ਕਮੇਟੀ ਵੱਲੋਂ ਐਪਸ ਨੂੰ 70 ਤੋਂ ਵੱਧ ਪ੍ਰਸ਼ਨਾਂ ਦੀ ਲੜੀ ਵਿਚ ਅਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ।