ਰਿਜ਼ਰਵ ਬੈਂਕ ਨੇ ਘਟਾਈ ਰੈਪੋ ਦਰ, ਵਾਹਨ, ਮਕਾਨ ਕਰਜ਼ੇ ਹੋਣਗੇ ਸਸਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੰਜਵੀਂ ਵਾਰ ਘਟੀ ਰੈਪੋ ਦਰ

Reserve Bank Reduces Repo Rate, Vehicles, Home Loans Will Be Cheaper

ਮੁੰਬਈ : ਛੇ ਸਾਲ ਦੇ ਹੇਠਲੇ ਪੱਧਰ 'ਤੇ ਪੁੱਜੇ ਆਰਥਕ ਵਾਧੇ ਨੂੰ ਹੁਲਾਰਾ ਦੇਣ ਲਈ ਰਿਜ਼ਰਵ ਬੈਂਕ ਨੇ ਇਸ ਕੈਲੰਡਰ ਵਰ੍ਹੇ ਵਿਚ ਲਗਾਤਾਰ ਪੰਜਵੀਂ ਵਾਰ ਪ੍ਰਮੁੱਖ ਨੀਤੀਗਤ ਦਰ ਰੈਪੋ ਵਿਚ 0.25 ਫ਼ੀ ਸਦੀ ਦੀ ਕਟੌਤੀ ਕੀਤੀ ਹੈ। ਇੰਜ ਰੈਪੋ ਦਰ ਕਰੀਬ ਇਕ ਦਹਾਕੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਜਿਥੇ ਤਕ ਜ਼ਰੂਰੀ ਹੋਵੇਗਾ, ਉਹ ਆਰਥਕ ਵਾਧੇ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਮੁਦਰਾ ਨੀਤੀ ਦੇ ਮਾਮਲੇ ਵਿਚ ਉਦਾਰ ਨਜ਼ਰੀਆ ਰੱਖੇਗਾ।

ਰੈਪੋ ਦਰ ਵਿਚ ਕਟੌਤੀ ਨਾਲ ਬੈਂਕਾਂ ਨੂੰ ਰਿਜ਼ਰਵ ਬੈਂਕ ਕੋਲੋਂ ਸਸਤੀ ਨਕਦੀ ਉਪਲਭਧ ਹੋਵੇਗੀ ਅਤੇ ਉਹ ਅੱਗੇ ਅਪਣੇ ਗਾਹਕਾਂ ਨੂੰ ਸਸਤਾ ਕਰਜ਼ਾ ਦੇ ਸਕਣਗੇ। ਇੰਜ ਆਉਣ ਵਾਲੇ ਦਿਨਾਂ ਵਿਚ ਮਕਾਨ, ਦੁਕਾਨ ਅਤੇ ਵਾਹਨ ਲਈ ਕਰਜ਼ਾ ਸਸਤਾ ਹੋ ਸਕਦਾ ਹੈ। ਭਾਰਤੀ ਸਟੇਟ ਬੈਂਕ ਸਮੇਤ ਬਹੁਤੇ ਬੈਂਕਾਂ ਨੇ ਅਪਣੀਆਂ ਕਰਜ਼ਾ ਦਰਾਂ ਨੂੰ ਸਿੱਧੇ ਰੈਪੋ ਦਰ ਵਿਚ ਹੋਣ ਵਾਲੀ ਕਟੌਤੀ ਨਾਲ ਜੋੜ ਦਿਤਾ ਹੈ। ਰੈਪੋ ਦਰ ਵਿਚ ਇਸ ਤਾਜ਼ਾ ਕਟੌਤੀ ਮਗਰੋਂ ਇਹ ਦਰ 5.15 ਫ਼ੀ ਸਦੀ 'ਤੇ ਆ ਗਈ ਹੈ।

ਨਾਲ ਹੀ ਰਿਵਰਸ ਰੈਪੋ ਦਰ ਵੀ ਏਨੀ ਹੀ ਘੱਟ ਕੇ 4.90 ਫ਼ੀ ਸਦੀ ਰਹਿ ਗਈ। ਇਸ ਤੋਂ ਪਹਿਲਾਂ ਮਾਰਚ 2010 ਵਿਚ ਰੈਪੋ ਦਰ ਪੰਜ ਫ਼ੀ ਸਦੀ 'ਤੇ ਸੀ। ਰੈਪੋ ਦਰ ਉਹ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਦੂਜੇ ਬੈਂਕਾਂ ਨੂੰ ਇਕ ਦਿਨ ਤਕ ਲਈ ਨਕਦੀ ਉਪਲਭਧ ਕਰਾਉਂਦਾ ਹੈ ਜਦਕਿ ਰਿਵਰਸ ਰੈਪੋ ਦਰ 'ਤੇ ਕੇਂਦਰੀ ਬੈਂਕ ਵਣਜ ਬੈਂਕਾਂ ਕੋਲੋਂ ਵਾਧੂ ਨਕਦੀ ਵਾਪਸ ਲੈਂਦਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਕਮੇਟੀ ਦੀ ਚਾਲੂ ਵਿੱਤ ਵਰ੍ਹੇ ਦੌਰਾਨ ਇਹ ਚੌਥੀ ਬੈਠਕ ਹੋਈ। ਤਿੰਨ ਦਿਨਾਂ ਤਕ ਚੱਲੀ ਬੈਠਕ ਮਗਰੋਂ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁਕਰਵਾਰ ਨੂੰ ਨਤੀਜਿਆਂ ਦਾ ਐਲਾਨ ਕੀਤਾ।

ਬੈਂਕ ਨੇ ਆਰਥਕ ਸਰਗਰਮੀਆਂ ਵਿਚ ਆਈ ਨਰਮੀ ਨੂੰ ਵੇਖਦਿਆਂ ਚਾਲੂ ਵਿੱਤ ਵਰ੍ਹੇ ਲਈ ਆਰਥਕ ਵਾਘੇ ਦੇ ਅਨੁਮਾਨ ਨੂੰ ਵੀ ਘਟਾ ਕੇ 6.1 ਫ਼ੀ ਸਦੀ ਕਰ ਦਿਤਾ। ਪਿਛਲੀ ਸਮੀਖਿਆ ਵਿਚ ਇਸ ਦੇ 6.9 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ਇਸ ਤੋਂ ਪਹਿਲਾਂ ਚਾਲੂ ਵਿੱਤ ਵਰ੍ਹੇ ਦੀ ਜੂਨ ਵਿਚ ਖ਼ਤਮ ਹੋਈ ਤਿਮਾਹੀ ਦੌਰਾਨ ਆਰਥਕ ਵਾਧਾ ਪੰਜ ਫ਼ੀ ਸਦੀ ਰਿਹਾ ਜੋ ਪਿਛਲੇ ਛੇ ਸਾਲਾਂ ਦਾ ਹੇਠਲਾ ਪੱਧਰ ਸੀ। ਮੁਦਰਾ ਨੀਤੀ ਕਮੇਟੀ ਦੇ ਸਾਰੇ ਛੇ ਮੈਂਬਰਾਂ ਨੇ ਰੈਪੋ ਦਰ ਵਿਚ ਕਟੌਤੀ ਦੇ ਹੱਕ ਵਿਚ ਵੋਟ ਪਾਈ। ਕਮੇਟੀ ਦੇ ਮੈਂਬਰ ਰਵਿੰਦਰ ਢੋਲਕੀਆ ਨੇ ਤਾਂ ਦਰ ਵਿਚ 0.40 ਫ਼ੀ ਸਦੀ ਕਟੌਤੀ ਦੀ ਵਕਾਲਤ ਕੀਤੀ।

ਕਮੇਟੀ ਨੇ ਸਤੰਬਰ ਤਿਮਾਹੀ ਦੇ ਅਪਦੇ ਅਨੁਮਾਨ ਨੂੰ ਮਾਮੂਲੀ ਵਧਾ ਕੇ 3.4 ਫ਼ੀ ਸਦੀ ਕਰ ਦਿਤਾ ਜਦਕਿ ਦੂਜੀ ਛਿਮਾਹੀ ਲਈ ਮੁਦਰਾਸਫ਼ੀਤੀ 3.5 ਤੋਂ 3.7 ਫ਼ੀ ਸਦੀ ਦੇ ਦਾਇਰੇ ਵਿਚ ਰਹਿਣ ਦਾ ਅਨੁਮਾਨ ਕਾਇਮ ਰਖਿਆ ਹੈ। ਕਿਹਾ ਗਿਆ ਕਿ ਮੁਦਰਾਸਫ਼ੀਤੀ 2021 ਦੇ ਸ਼ੁਰੂਆਤੀ ਮਹੀਨਿਆਂ ਤਕ ਤੈਅ ਦਾਇਰੇ ਅੰਦਰ ਰਹੇਗੀ। ਰਿਜ਼ਰਵ ਬੈਂਕ ਨੂੰ ਮੁਦਰਾਸਫ਼ੀਤੀ ਦਰ ਚਾਰ ਫ਼ੀ ਸਦੀ ਅੰਦਰ ਰੱਖਣ ਦਾ ਟੀਚਾ ਦਿਤਾ ਗਿਆ ਹੈ। ਇਸ ਦੇ ਦੋ ਫ਼ੀ ਸਦੀ ਉਪਰ ਜਾਂ ਹੇਠਾਂ ਜਾਣ ਦਾ ਦਾਇਰਾ ਵੀ ਤੈਅ ਕੀਤਾ ਗਿਆ ਹੈ। 
 

ਪੰਜਵੀਂ ਵਾਰ ਘਟੀ ਰੈਪੋ ਦਰ
ਇਸ ਸਾਲ ਸੱਭ ਤੋਂ ਪਹਿਲਾਂ ਫ਼ਰਵਰੀ ਵਿਚ ਰੈਪੋ ਦਰ ਵਿਚ 0.25 ਫ਼ੀ ਸਦੀ, ਫਿਰ ਅਪ੍ਰੈਲ ਵਿਚ 0.25 ਫ਼ੀ ਸਦੀ, ਜੂਨ ਵਿਚ ਵੀ 0.25 ਫ਼ੀ ਸਦੀ ਅਤੇ ਅਗੱਸਤ ਵਿਚ ਰੈਪੋ ਦਰ ਵਿਚ 0.35 ਫ਼ੀ ਸਦੀ ਕਟੌਤੀ ਕੀਤੀ ਗਈ। ਅਕਤੂਬਰ ਵਿਚ ਕੀਤੀ ਗਈ ਤਾਜ਼ਾ 0.25 ਫ਼ੀ ਸਦੀ ਕਟੌਤੀ ਨਾਲ ਪੰਜ ਵਾਰ ਵਿਚ ਕੁਲ 1.35 ਫ਼ੀ ਸਦੀ ਕਟੌਤੀ ਕੀਤੀ ਜਾ ਚੁੱਕੀ ਹੈ। ਇਸ ਕਟੌਤੀ ਨਾਲ ਰੈਪੋ ਦਰ 6.50 ਫ਼ੀ ਸਦੀ ਤੋਂ ਘੱਟ ਕੇ 5.15 ਫ਼ੀ ਸਦੀ 'ਤੇ ਆ ਗਈ ਜਦਕਿ ਰਿਵਰਸ ਰੈਪੋ ਦਰ ਏਨੀ ਹੀ ਕਟੌਤੀ ਨਾਲ 6.25 ਫ਼ੀ ਸਦੀ ਤੋਂ ਘੱਟ ਕੇ 4.90 ਫ਼ੀ ਸਦੀ ਰਹਿ ਗਈ ਹੈ।