ਭਾਰਤ ’ਚ 39.2 ਫੀ ਸਦੀ ਬੈਂਕ ਖਾਤੇ ਔਰਤਾਂ ਦੇ ਹਨ : ਸਰਕਾਰੀ ਰੀਪੋਰਟ
ਭਾਰਤ ’ਚ ਔਰਤਾਂ ਅਤੇ ਪੁਰਸ਼ 2024: ਚੁਣੇ ਹੋਏ ਸੂਚਕ ਅਤੇ ਅੰਕੜੇ’
ਨਵੀਂ ਦਿੱਲੀ: ਦੇਸ਼ ’ਚ ਬੈਂਕ ਖਾਤਿਆਂ ’ਚ ਔਰਤਾਂ ਦੇ 39.2 ਫੀ ਸਦੀ ਖਾਤੇ ਹਨ ਅਤੇ ਪੇਂਡੂ ਖੇਤਰਾਂ ’ਚ ਇਹ ਅਨੁਪਾਤ 42.2 ਫੀ ਸਦੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲੇ (ਐਮ.ਓ.ਐਸ.ਪੀ.ਆਈ.) ਨੇ ਐਤਵਾਰ ਨੂੰ ਅਪਣੇ ਪ੍ਰਕਾਸ਼ਨ ਦਾ 26ਵਾਂ ਸੰਸਕਰਣ ਜਾਰੀ ਕੀਤਾ ਜਿਸ ਦਾ ਸਿਰਲੇਖ ‘ਭਾਰਤ ’ਚ ਔਰਤਾਂ ਅਤੇ ਪੁਰਸ਼ 2024: ਚੁਣੇ ਹੋਏ ਸੂਚਕ ਅਤੇ ਅੰਕੜੇ’ ਹੈ।
ਇਹ ਪ੍ਰਕਾਸ਼ਨ ਭਾਰਤ ’ਚ ਲਿੰਗ ਦੇ ਦ੍ਰਿਸ਼ ਦੀ ਇਕ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ’ਚ ਆਬਾਦੀ, ਸਿੱਖਿਆ, ਸਿਹਤ, ਆਰਥਕ ਭਾਗੀਦਾਰੀ ਅਤੇ ਫੈਸਲੇ ਲੈਣ ਵਰਗੇ ਪ੍ਰਮੁੱਖ ਖੇਤਰਾਂ ’ਚ ਚੁਣੇ ਹੋਏ ਸੂਚਕਾਂ ਅਤੇ ਅੰਕੜਿਆਂ ਨੂੰ ਪੇਸ਼ ਕੀਤਾ ਗਿਆ ਹੈ। ਐਮ.ਓ.ਐਸ.ਪੀ.ਆਈ. ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰੀਪੋਰਟ ’ਚ ਇਸ ਗੱਲ ’ਤੇ ਜ਼ੋਰ ਦਿਤਾ ਗਿਆ ਹੈ ਕਿ ਔਰਤਾਂ ਕੋਲ ਸਾਰੇ ਬੈਂਕ ਖਾਤਿਆਂ ਦਾ 39.2 ਫ਼ੀ ਸਦੀ ਹੈ ਅਤੇ ਕੁਲ ਜਮ੍ਹਾਂ ਰਾਸ਼ੀ ’ਚ 39.7 ਫ਼ੀ ਸਦੀ ਯੋਗਦਾਨ ਹੈ।
ਉਨ੍ਹਾਂ ਦੀ ਭਾਗੀਦਾਰੀ ਪੇਂਡੂ ਖੇਤਰਾਂ ’ਚ ਸੱਭ ਤੋਂ ਵੱਧ ਹੈ ਜਿੱਥੇ ਉਹ ਖਾਤਾ ਧਾਰਕਾਂ ਦਾ 42.2 ਫ਼ੀ ਸਦੀ ਬਣਦੇ ਹਨ। ਇਸ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ’ਚ ਡੀਮੈਟ ਖਾਤਿਆਂ ’ਚ ਵਾਧਾ ਹੋਇਆ ਹੈ ਜੋ ਸਟਾਕ ਮਾਰਕੀਟ ’ਚ ਵੱਧ ਰਹੀ ਭਾਗੀਦਾਰੀ ਦਾ ਸੰਕੇਤ ਦਿੰਦਾ ਹੈ। 31 ਮਾਰਚ, 2021 ਤੋਂ 30 ਨਵੰਬਰ, 2024 ਤਕ , ਡੀਮੈਟ ਖਾਤਿਆਂ ਦੀ ਕੁਲ ਗਿਣਤੀ 3.32 ਕਰੋੜ ਤੋਂ ਵਧ ਕੇ 14.3 ਕਰੋੜ ਹੋ ਗਈ, ਜੋ ਚਾਰ ਗੁਣਾ ਤੋਂ ਵੱਧ ਵਾਧਾ ਦਰਸਾਉਂਦੀ ਹੈ।