ਕੇਂਦਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵਧਾਇਆ ਟੈਕਸ, ਜਾਣੋ ਕੀ ਹੋਵੇਗਾ ਤੁਹਾਡੀ ਜੇਬ 'ਤੇ ਅਸਰ?

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖਾਲੀ ਹੋ ਰਹੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਵੱਡਾ ਕੀਤਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖਾਲੀ ਹੋ ਰਹੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਵੱਡਾ ਇਜ਼ਾਫਾ ਕਰ ਦਿੱਤਾ ਹੈ। ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਟੈਕਸ ਵਧਾ ਦਿੱਤਾ ਗਿਆ ਹੈ।

ਹਾਲਾਂਕਿ ਇਸ ਨਾਲ ਗਾਹਕਾਂ ਦੀ ਜੇਬ 'ਤੇ ਬੋਝ ਨਹੀਂ ਪਵੇਗਾ। ਪਰ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਲਾਭ ਗਾਹਕਾਂ ਨੂੰ ਨਹੀਂ ਮਿਲੇਗਾ। ਕੋਰੋਨਾ ਵਾਇਰਸ ਸੰਕਰਮਣ ਦੇ ਚਲਦੇ ਮੰਗ ਨਾ ਹੋਣ ਕਾਰਨ ਪਿਛਲੇ ਮਹੀਨੇ ਬ੍ਰੈਂਟ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 18.10 ਡਾਲਰ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਸੀ।

ਇਹ 1999 ਤੋਂ ਬਾਅਦ ਸਭ ਤੋਂ ਘੱਟ ਕੀਮਤ ਸੀ।  ਹਾਲਾਂਕਿ ਇਸ ਤੋਂ ਬਾਅਦ ਕੀਮਤਾਂ ਵਿਚ ਥੋੜਾ ਵਾਧਾ ਹੋਇਆ ਅਤੇ ਇਹ 28 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਸਰਕਾਰ ਵੱਲੋਂ ਜਾਰੀ ਨੋਟੀਫੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਪੈਟਰੋਲ 'ਤੇ 10 ਰੁਪਏ ਵਧਾਏ ਗਏ ਟੈਕਸ ਵਿਚੋਂ 8 ਰੁਪਏ ਰੋਡ ਅਤੇ ਇਨਫ੍ਰਾਸਟਰਕਚਰ ਸੈਸ ਵਿਚ ਜਾਣਗੇ ਅਤੇ 2 ਰੁਪਏ ਸਪੈਸ਼ਲ ਐਕਸਾਈਜ਼ ਡਿਊਟੀ ਵਿਚ ਹੋਣਗੇ।

ਇਸੇ ਤਰ੍ਹਾਂ ਡੀਜ਼ਲ 'ਤੇ 13 ਰੁਪਏ ਟੈਕਸ ਵਧਾਇਆ ਗਿਆ ਹੈ। ਇਸ ਵਿਚ 8 ਰੁਪਏ ਪ੍ਰਤੀ ਲੀਟਰ ਰੋਡ ਇਨਫ੍ਰਾਸਟਰਕਚਰ ਸੈਸ ਅਤੇ 5 ਰੁਪਏ ਐਕਸਾਈਜ਼ ਡਿਊਟੀ ਵਿਚ ਜਾਣਗੇ। ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ, 'ਡਿਊਟੀ ਵਿਚ ਵੱਧ ਮਿਲਣ ਵਾਲੀ ਰਾਸ਼ੀ ਨੂੰ ਇਨਫ੍ਰਾਸਟਰਕਚਰ ਅਤੇ ਦੂਜੇ ਵਿਕਾਸ ਕਾਰਜਾਂ ਵਿਚ ਖਰਚ ਕੀਤਾ ਜਾਵੇਗਾ।

ਡਿਊਟੀ ਵਧਾਉਣ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਵੇਗਾ, ਇਸ ਲਈ ਗਾਹਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। 
ਇਹ ਵਾਧਾ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਭਰਿਆ ਜਾਵੇਗਾ। ਸਰਕਾਰ ਨੇ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਫਾਇਦਾ ਉਠਾਉਣ ਲਈ ਐਕਸਾਈਜ਼ ਡਿਊਟੀ ਵਿਚ ਵਾਧਾ ਕੀਤਾ ਸੀ।

ਮਾਰਚ ਵਿਚ ਵੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ 3 ਰੁਪਏ ਦਾ ਵਾਧਾ ਕੀਤਾ ਸੀ। ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਜ਼ਾਰ ਅਧਾਰਤ ਹਨ। ਇਹਨਾਂ 'ਤੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਜ਼ਿਆਦਾ ਘੱਟ ਹੋਣ 'ਤੇ ਸਰਕਾਰ ਨੂੰ ਟੈਕਸ ਵਧਾਉਣ ਦਾ ਮੌਕਾ ਮਿਲਦਾ ਹੈ, ਉਹ ਵੀ ਗਾਹਕਾਂ 'ਤੇ ਜ਼ਿਆਦਾ ਬੋਝ ਪਾਏ ਬਿਨਾਂ।