ਸੋਨੇ ਦੀ ਕੀਮਤ 230 ਰੁਪਏ ਅਤੇ ਚਾਂਦੀ ਦੀ ਕੀਮਤ 700 ਰੁਪਏ ਵਧੀ 

ਏਜੰਸੀ

ਖ਼ਬਰਾਂ, ਵਪਾਰ

ਸੋਨਾ 230 ਰੁਪਏ ਦੀ ਤੇਜ਼ੀ ਨਾਲ 72,250 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ

Gold Price

ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇ ਵਿਚਕਾਰ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 230 ਰੁਪਏ ਦੀ ਤੇਜ਼ੀ ਨਾਲ 72,250 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 72,020 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 

ਚਾਂਦੀ ਦੀ ਕੀਮਤ ਵੀ 700 ਰੁਪਏ ਦੀ ਤੇਜ਼ੀ ਨਾਲ 84,300 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ’ਚ 84,300 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ 83,600 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਵਿਦੇਸ਼ੀ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤ ਲੈਂਦੇ ਹੋਏ ਦਿੱਲੀ ’ਚ ਸਪਾਟ ਸੋਨਾ (24 ਕੈਰਟ) 72,250 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਮੁੱਲ ਨਾਲੋਂ 230 ਰੁਪਏ ਵੱਧ ਹੈ।’’ 

ਕੌਮਾਂਤਰੀ ਬਾਜ਼ਾਰ ਕਾਮੈਕਸ (ਕਮੋਡਿਟੀ ਮਾਰਕੀਟ) ’ਚ ਸਪਾਟ ਸੋਨਾ 2,312 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਦੇ ਮੁਕਾਬਲੇ 11 ਡਾਲਰ ਦਾ ਵਾਧਾ ਹੈ। ਅਮਰੀਕੀ ਫੈਡਰਲ ਰਿਜ਼ਰਵ ਵਲੋਂ ਸਤੰਬਰ ’ਚ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਵਧਣ ਨਾਲ ਸ਼ੁਕਰਵਾਰ ਨੂੰ ਅਮਰੀਕੀ ਰੋਜ਼ਗਾਰ ਬਾਜ਼ਾਰ ’ਚ ਉਮੀਦ ਤੋਂ ਕਮਜ਼ੋਰ ਰੀਪੋਰਟ ਆਉਣ ਨਾਲ ਸੋਨੇ ’ਚ ਸਕਾਰਾਤਮਕ ਰੁਝਾਨ ਵੇਖਣ ਨੂੰ ਮਿਲਿਆ। 

ਇਹ ਅਮਰੀਕੀ ਡਾਲਰ ਲਈ ਨਕਾਰਾਤਮਕ ਹੋ ਗਿਆ ਅਤੇ ਸੋਨੇ ਦੀ ਕੀਮਤ ਨੂੰ 2,300 ਡਾਲਰ ਦੇ ਪੱਧਰ ਤੋਂ ਉੱਪਰ ਜਾਣ ’ਚ ਮਦਦ ਮਿਲੀ। ਚਾਂਦੀ ਵੀ 27.05 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ ’ਚ ਸੋਨਾ 26.55 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ। 

ਇਸ ਦੌਰਾਨ ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ਦੇ ਵਾਅਦਾ ਕਾਰੋਬਾਰ ’ਚ ਸੋਨਾ 657 ਰੁਪਏ ਦੀ ਤੇਜ਼ੀ ਨਾਲ 71,325 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਜੂਨ ਦਾ ਸੱਭ ਤੋਂ ਵੱਧ ਕਾਰੋਬਾਰ ਕਰਨ ਵਾਲਾ ਸੋਨਾ ਸ਼ਾਮ 6.40 ਵਜੇ 71,447 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਜੁਲਾਈ ਡਿਲਿਵਰੀ ਲਈ ਚਾਂਦੀ ਦਾ ਇਕਰਾਰਨਾਮਾ ਵੀ 1,623 ਰੁਪਏ ਦੀ ਤੇਜ਼ੀ ਨਾਲ 82,666 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਿਆ। ਐਲਕੇਪੀ ਸਕਿਓਰਿਟੀਜ਼ ਦੇ ਕਮੋਡਿਟੀਜ਼ ਐਂਡ ਕਰੰਸੀ ਦੇ ਵਾਈਸ ਰੀਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸੋਨੇ ’ਚ 70,000-72,500 ਰੁਪਏ ਦੇ ਵਿਚਕਾਰ ਕਾਰੋਬਾਰ ਹੋਣ ਦੀ ਉਮੀਦ ਹੈ।’’