ਵਿਸ਼ਵ ਬੈਂਕ ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ, ਜਾਣੋ ਕੀ ਰਹੇ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਵਿਸ਼ਵ ਬੈਂਕ ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਘਟਾ ਕੇ 6.3 ਫ਼ੀਸਦੀ ਕੀਤਾ

GDP

ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਚਾਲੂ ਵਿੱਤ ਵਰ੍ਹੇ 2023-24 ਲਈ ਭਾਰਤ ਦੀ ਆਰਥਕ ਵਿਕਾਸ ਦਰ ਦੇ ਅਪਣੇ ਅੰਦਾਜ਼ੇ ਨੂੰ ਘਟਾ ਕੇ 6.3 ਫ਼ੀਸਦੀ ਕਰ ਦਿਤਾ ਹੈ। ਇਹ ਵਿਸ਼ਵ ਬੈਂਕ ਦੇ ਜਨਵਰੀ ’ਚ ਲਾਏ ਪਿਛਲੇ ਅੰਦਾਜ਼ੇ ਤੋਂ 0.3 ਫ਼ੀਸਦ ਅੰਕ ਘਟ ਹੈ। 

ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਨਿਜੀ ਖਪਤ ਅਤੇ ਨਿਵੇਸ਼ ’ਚ ਬਹੁਤ ਜੁਝਾਰੂਪਨ ਦਿਸ ਰਿਹਾ ਹੈ। ਨਾਲ ਹੀ ਸੇਵਾਵਾਂ ’ਚ ਵਾਧਾ ਵੀ ਮਜ਼ਬੂਤ ਹੈ। 

ਵਿਸ਼ਵ ਬੈਂਕ ਨੇ ਵਿਸ਼ਵ ਆਰਥਕ ਸੰਭਾਵਨਾਵਾਂ ’ਤੇ ਅਪਣੀ ਤਾਜ਼ਾ ਰੀਪੋਰਟ ’ਚ ਇਹ ਅੰਦਾਜ਼ਾ ਪ੍ਰਗਟਾਇਆ ਹੈ। ਇਸ ’ਚ ਕਿਹਾ ਗਿਆ ਹੈ ਕਿ 2023 ’ਚ ਵਿਸ਼ਵ ਵਿਕਾਸ ਦਰ ਘਟ ਕੇ 2.1 ਫ਼ੀਸਦੀ ਰਹੇਗੀ, ਜੋ 2022 ’ਚ 3.1 ਫ਼ੀਸਦੀ ਰਹੀ ਸੀ। 

ਚੀਨ ਤੋਂ ਇਲਾਵਾ ਉਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਵਿਕਾਸ ਦਰ ਪਿਛਲੇ ਸਾਲ ਦੇ 4.1 ਫ਼ੀਸਦੀ ਤੋਂ ਘੱਟ ਹੋ ਕੇ ਇਸ ਸਾਲ 2.9 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਇਹ ਵਿਕਾਸ ਦਰ ’ਚ ਵਿਆਪਕ ਗਿਰਾਵਟ ਨੂੰ ਦਰਸਾਉਂਦਾ ਹੈ। 

ਭਾਰਤੀ ਮੂਲ ਦੇ ਅਜੇ ਬੰਗਾ ਨੇ ਸ਼ੁਕਰਵਾਰ ਨੂੰ ਹੀ ਵਿਸ਼ਵ ਬੈਂਕ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਵਿਸ਼ਵ ਬੈਂਕ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਵਿਕਾਸ ਦਰ ’ਚ ਸੁਸਤੀ ਦਾ ਕਾਰਨ ਉੱਚੀ ਮਹਿੰਗਾਈ ਦਰ ਅਤੇ ਕਰਜ਼ ਦੀ ਲਾਗਤ ਵਧਣ ਕਰ ਕੇ ਨਿਜੀ ਖਪਤ ਦਾ ਪ੍ਰਭਾਵਤ ਹੋਣਾ ਹੈ।