ਯੂਰਪੀਅਨ ਯੂਨੀਅਨ ਨੇ ਗੂਗਲ, ​​ਐਪਲ, ਐਮਾਜ਼ੋਨ ਨੂੰ ਨਵੇਂ ਡਿਜੀਟਲ ਨਿਯਮਾਂ ਦੇ ਘੇਰੇ ’ਚ ਰਖਿਆ

ਏਜੰਸੀ

ਖ਼ਬਰਾਂ, ਵਪਾਰ

ਨਵੇਂ ਨਿਯਮਾਂ ਦਾ ਪਾਲਣ ਕਰਨ ਲਈ ਇਨ੍ਹਾਂ ਕੰਪਨੀਆਂ ਨੂੰ ਛੇ ਮਹੀਨੇ ਦਾ ਸਮਾਂ ਦਿਤਾ ਗਿਆ

EU

ਲੰਡਨ: ਯੂਰਪੀ ਸੰਘ (ਈ.ਯੂ.) ਨੇ ਬੁਧਵਾਰ ਨੂੰ ਐਪਲ, ਐਮਾਜ਼ੋਨ, ਮਾਈਕ੍ਰੋਸਾਫਟ, ਗੂਗਲ, ​​ਫੇਸਬੁੱਕ ਅਤੇ ਟਿੱਕਟੌਕ ਵਰਗੀਆਂ ਤਕਨਾਲੋਜੀ ਆਧਾਰਤ ਕੰਪਨੀਆਂ ਨੂੰ ਨਵੇਂ ਡਿਜੀਟਲ ਨਿਯਮਾਂ ਦੇ ਘੇਰੇ ’ਚ ਲਿਆਉਣ ਦਾ ਐਲਾਨ ਕੀਤਾ ਹੈ।

ਆਨਲਾਈਨ ਕੰਪਨੀਆਂ ਦੀ ਕਾਰੋਬਾਰੀ ਸਮਰੱਥਾ ਨੂੰ ਕੰਟਰੋਲ ਕਰਨ ਦੇ ਇਰਾਦੇ ਨਾਲ ਯੂਰਪੀਅਨ ਯੂਨੀਅਨ ’ਚ ‘ਡਿਜੀਟਲ ਮਾਰਕੀਟ ਐਕਟ’ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਇਨ੍ਹਾਂ ਛੇ ਗਲੋਬਲ ਕੰਪਨੀਆਂ ਨੂੰ ‘ਆਨਲਾਈਨ ਗੇਟਕੀਪਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਕਾਰਨ ਇਨ੍ਹਾਂ 'ਤੇ ਵੱਧ ਤੋਂ ਵੱਧ ਨਿਗਰਾਨੀ ਰੱਖੀ ਜਾਵੇਗੀ।

ਡਿਜ਼ੀਟਲ ਨੀਤੀ ਦੇ ਇੰਚਾਰਜ ਯੂਰਪੀਅਨ ਕਮਿਸ਼ਨ ਦੇ ਕਮਿਸ਼ਨਰ ਥੀਏਰੀ ਬ੍ਰੈਟਨ ਨੇ ਕਿਹਾ, ‘‘ਹੁਣ ਖੇਡ ਦੇ ਨਿਯਮਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਸਾਨੂੰ ਇਹ ਯਕੀਨੀ ਕਰਨਾ ਹੈ ਕਿ ਕੋਈ ਵੀ ਆਨਲਾਈਨ ਮੰਚ, ਭਾਵੇਂ ਉਹ ਕਿੰਨਾ ਵੀ ਵੱਡਾ ਹੋਵੇ, ਢੰਗ ਨਾਲ ਵਤੀਰਾ ਕਰੇ।’’ 

ਯੂਰਪੀ ਸੰਘ ਦੇ ਇਸ ਕਾਨੂੰਨ ’ਚ ਤਕਨਾਲੋਜੀ ਕੰਪਨੀਆਂ ਲਈ ਉਨ੍ਹਾਂ ਗਤੀਵਿਧੀਆਂ ਦਾ ਜ਼ਿਕਰ ਹੈ ਜਿਨ੍ਹਾਂ ਨਾਲ ਉਹ ਨਵੇਂ ਡਿਜੀਟਲ ਬਾਜ਼ਾਰਾਂ ’ਤੇ ਕਬਜ਼ਾ ਨਾ ਕਰ ਸਕਣ। ਇਸ ਲਈ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਾਉਣ ਜਾਂ ਕੰਪਨੀ ਨੂੰ ਭੰਗ ਕਰਨ ਦੀ ਚਿਤਾਵਨੀ ਦੇਣ ਵਰਗੇ ਤਰੀਕੇ ਵੀ ਅਪਣਾਏ ਜਾ ਸਕਦੇ ਹਨ।

ਗੂਗਲ ਦੀ ਮਾਲਕ ਕੰਪਨੀ ਅਲਫਾਬੇਟ, ਫੇਸਬੁੱਕ ਦੀ ਮਾਲਕ ਕੰਪਨੀ ਮੇਟਾ, ਐਪਲ, ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਟਿੱਕਟੌਕ ਦੀ ਮਾਲਕ ਕੰਪਨੀ ਬਾਈਟਡਾਂਸ ਨੂੰ ਯੂਰਪੀਅਨ ਯੂਨੀਅਨ ਦੇ ਨਵੇਂ ਡਿਜੀਟਲ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਹਾਲਾਂਕਿ ਇਨ੍ਹਾਂ ਕੰਪਨੀਆਂ ਨੂੰ ਪਾਲਣਾ ਕਰਨ ਲਈ ਛੇ ਮਹੀਨੇ ਦਾ ਸਮਾਂ ਦਿਤਾ ਗਿਆ ਹੈ।

ਯੂਰਪੀਅਨ ਕਮਿਸ਼ਨ ਨੇ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਨੂੰ ਤਾਂ ‘ਗੇਟਕੀਪਰ’ ਵਜੋਂ ਸੂਚੀਬੱਧ ਕੀਤਾ ਜਾ ਸਕਦਾ ਹੈ ਜੇਕਰ ਉਹ ਕਾਰੋਬਾਰਾਂ ਅਤੇ ਖਪਤਕਾਰਾਂ ਵਿਚਕਾਰ ਗੇਟਵੇ ਵਜੋਂ ਕੰਮ ਕਰਦੇ ਹਨ। ਇਨ੍ਹਾਂ ਸੇਵਾਵਾਂ ’ਚ ਗੂਗਲ ਦਾ ਕ੍ਰੋਮ ਬ੍ਰਾਊਜ਼ਰ, ਮਾਈਕ੍ਰੋਸਾਫਟ ਦਾ ਵਿੰਡੋਜ਼ ਆਪਰੇਟਿੰਗ ਸਿਸਟਮ, ਮੈਟਾ ਦਾ ਵਟਸਐਪ, ਟਿੱਕਟੌਕ ਅਤੇ ਅਮੇਜ਼ਨ ਦਾ ਮਾਰਕਿਟਪਲੇਸ ਅਤੇ ਐਪਲ ਦਾ ਐਪ ਸਟੋਰ ਸ਼ਾਮਲ ਹੈ।

ਸੰਦੇਸ਼-ਆਧਾਰਿਤ ਸੇਵਾਵਾਂ ਨੂੰ ਇਕ ਦੂਜੇ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ, ਡਿਜੀਟਲ ਪਲੇਟਫਾਰਮ ਆਨਲਾਈਨ ਭਾਲ ਨਤੀਜਿਆਂ (ਸਰਚ ਰਿਜ਼ਲਟ) ’ਚ ਅਪਣੇ ਉਤਪਾਦਾਂ ਜਾਂ ਸੇਵਾਵਾਂ ਨੂੰ ਅਪਣੇ ਮੁਕਾਬਲੇਬਾਜ਼ਾਂ ਤੋਂ ਉੱਪਰ ਨਹੀਂ ਵਿਖਾ ਸਕਣਗੇ।

ਇਨ੍ਹਾਂ ਵਿਵਸਥਾਵਾਂ ਦੀ ਉਲੰਘਣਾ ਕਰਨ ਵਾਲੀ ਕੰਪਨੀ ਨੂੰ ਉਸ ਦੇ ਸਾਲਾਨਾ ਗਲੋਬਲ ਮਾਲੀਏ ਦੇ 10 ਫ਼ੀ ਸਦੀ ਤਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਵਾਰ-ਵਾਰ ਉਲੰਘਣਾ ਕਰਨ 'ਤੇ ਇਹ ਜੁਰਮਾਨਾ ਵਧਾ ਕੇ 20 ਫੀ ਸਦੀ ਕੀਤਾ ਜਾ ਸਕਦਾ ਹੈ ਜਾਂ ਕੰਪਨੀ ਨੂੰ ਭੰਗ ਵੀ ਕੀਤਾ ਜਾ ਸਕਦਾ ਹੈ।