ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਦੀ ਉਮੀਦ ਘਟੀ
ਇਸ ਸਾਲ ਪਹਿਲੀ ਵਾਰ 90 ਡਾਲਰ ’ਤੇ ਪੁੱਜਾ ਕੱਚਾ ਤੇਲ
ਨਵੀਂ ਦਿੱਲੀ: ਸਾਊਦੀ ਅਰਬ ਅਤੇ ਰੂਸ ਵਲੋਂ ਕੱਚੇ ਤੇਲ ਦੇ ਉਤਪਾਦਨ ਅਤੇ ਨਿਰਯਾਤ ’ਚ ਅਪਣੀ ਸਵੈਇੱਛਤ ਕਟੌਤੀ ਨੂੰ ਸਾਲ ਦੇ ਅੰਤ ਤਕ ਵਧਾਏ ਜਾਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 10 ਮਹੀਨਿਆਂ ਦੇ ਉੱਚ ਪੱਧਰ 90 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਗਈਆਂ ਹਨ।
ਭਾਰਤ ਅਪਣੀ ਕੱਚੇ ਤੇਲ ਦੀ ਲੋੜ ਦਾ 85 ਫੀ ਸਦੀ ਦਰਾਮਦ ਰਾਹੀਂ ਪੂਰਾ ਕਰਦਾ ਹੈ। ਅਜਿਹੇ ’ਚ ਇਸ ਦੀ ਕੀਮਤ ਵਧਾਉਣ ਦਾ ਮਤਲਬ ਹੈ ਕਿ ਭਾਰਤ ਨੂੰ ਇਸ ਦੇ ਲਈ ਜ਼ਿਆਦਾ ਖਰਚ ਕਰਨਾ ਹੋਵੇਗਾ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੀ ਬਾਜ਼ਾਰ ਆਧਾਰਤ ਕੀਮਤ ’ਤੇ ਵਾਪਸੀ ਦੀ ਸੰਭਾਵਨਾ ਹੋਰ ਵੀ ਘੱਟ ਗਈ ਹੈ।
ਸਾਊਦੀ ਅਰਬ ਦੀ ਅਗਵਾਈ ਵਾਲੇ ਓਪੇਕ ਪਲੱਸ ਅਤੇ ਰੂਸ ਦੇ ਨਾਲ ਦਸੰਬਰ ਦੇ ਅੰਤ ਤਕ ਹਰ ਰੋਜ਼ 10 ਲੱਖ ਬੈਰਲ ਪ੍ਰਤੀ ਦਿਨ ਦੀ ਗਲੋਬਲ ਸਪਲਾਈ ’ਚ ਕਟੌਤੀ ਜਾਰੀ ਰੱਖਣ ਦੇ ਫੈਸਲੇ ਤੋਂ ਬਾਅਦ ਬ੍ਰੈਂਟ ਕਰੂਡ ਦੀਆਂ ਕੀਮਤਾਂ ’ਚ ਪਿਛਲੇ ਹਫ਼ਤੇ ਲਗਭਗ 6.5 ਫ਼ੀ ਸਦੀ ਦਾ ਵਾਧਾ ਹੋਇਆ ਸੀ।
ਇਸ ਤੋਂ ਇਲਾਵਾ, ਰੂਸ ਨੇ ਹਾਲ ਹੀ ਦੇ ਮਹੀਨਿਆਂ ’ਚ ਸਵੈ-ਇੱਛਾ ਨਾਲ ਅਪਣੇ ਨਿਰਯਾਤ ’ਚ ਕਟੌਤੀ ਕੀਤੀ ਹੈ।
ਇਸ ਕਦਮ ਨਾਲ ਮੰਗਲਵਾਰ ਨੂੰ ਇਸ ਸਾਲ ਪਹਿਲੀ ਵਾਰ ਬਰੈਂਟ 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਲਿਆ। ਬੁਧਵਾਰ ਨੂੰ ਇਹ 89.67 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।
ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਲੋਂ ਦਰਾਮਦ ਕੀਤੇ ਗਏ ਕੱਚੇ ਤੇਲ ਦੀ ਔਸਤ ਕੀਮਤ ਇਸ ਮਹੀਨੇ 89.81 ਡਾਲਰ ਪ੍ਰਤੀ ਬੈਰਲ ਰਹੀ, ਜੋ ਅਗੱਸਤ ’ਚ 86.43 ਡਾਲਰ ਸੀ।
ਭਾਰਤ ਲਈ ਤੇਲ ਦੀਆਂ ਕੀਮਤਾਂ ਮਈ ਅਤੇ ਜੂਨ ’ਚ 73-75 ਡਾਲਰ ਪ੍ਰਤੀ ਬੈਰਲ ਦੀ ਰੇਂਜ ’ਚ ਸਨ, ਜਿਸ ਨਾਲ ਬਾਜ਼ਾਰ ਅਧਾਰਤ ਕੀਮਤਾਂ ’ਚ ਵਾਪਸੀ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦੀਆਂ ਉਮੀਦਾਂ ਮੁੜ ਜਗਦੀਆਂ ਸਨ। ਪਰ ਜੁਲਾਈ ’ਚ ਕੀਮਤਾਂ ਵਧ ਕੇ 80.37 ਡਾਲਰ ਪ੍ਰਤੀ ਬੈਰਲ ਹੋ ਗਈਆਂ ਅਤੇ ਹੁਣ 90 ਡਾਲਰ ਦੇ ਨੇੜੇ ਹਨ।