ਚਾਲੂ ਵਿੱਤੀ ਸਾਲ ਲਈ GDP ਦੇ ਅੰਕੜਿਆਂ ’ਚ 2.59 ਲੱਖ ਕਰੋੜ ਰੁਪਏ ਦਾ ਫ਼ਰਕ

ਏਜੰਸੀ

ਖ਼ਬਰਾਂ, ਵਪਾਰ

GDP ਦੇ ਅੰਕੜਿਆਂ ’ਚ ਫ਼ਰਕ ਉਤਪਾਦਨ ਵਿਧੀ ਅਤੇ ਖ਼ਰਚ ਵਿਧੀ ਦੇ ਤਹਿਤ ਕੌਮੀ ਆਮਦਨ ’ਚ ਫ਼ਰਕ ਨੂੰ ਦਰਸਾਉਂਦਾ ਹੈ

Representative image.

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ (2023-24) ਲਈ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅਗਾਊਂ ਅਨੁਮਾਨਾਂ ਦੀ ਗਣਨਾ ’ਚ 2.59 ਲੱਖ ਕਰੋੜ ਰੁਪਏ ਦਾ ਫ਼ਰਕ ਹੈ।

ਕੌਮੀ ਅੰਕੜਾ ਦਫ਼ਤਰ (ਐਨ.ਐਸ.ਓ.) ਨੇ ਇਹ ਜਾਣਕਾਰੀ ਦਿਤੀ ਹੈ। ਵਿੱਤੀ ਸਾਲ 2022-23 ’ਚ ਜੀ.ਡੀ.ਪੀ. ਗਣਨਾ ’ਚ ਫ਼ਰਕ (-)3.80 ਲੱਖ ਕਰੋੜ ਰੁਪਏ ਅਤੇ 2021-22 ’ਚ (-)4.47 ਲੱਖ ਕਰੋੜ ਰੁਪਏ ਸੀ। ਐਨ.ਐਸ.ਓ. ਨੇ ਪਿਛਲੇ ਸ਼ੁਕਰਵਾਰ ਨੂੰ ਕੌਮੀ ਖਾਤਿਆਂ ਦੇ ਅਪਣੇ ਪਹਿਲੇ ਅਗਾਊਂ ਅਨੁਮਾਨ ਜਾਰੀ ਕੀਤੇ ਸਨ। ਇਸ ਤੋਂ ਪਤਾ ਲਗਦਾ ਹੈ ਕਿ 2023-24 ’ਚ ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਜਾਂ ਭਾਰਤੀ ਅਰਥਵਿਵਸਥਾ 7.3 ਫ਼ੀ ਸਦੀ ਦੀ ਦਰ ਨਾਲ ਵਧੇਗੀ। ਵਿੱਤੀ ਸਾਲ 2022-23 ’ਚ ਜੀ.ਡੀ.ਪੀ. ਵਿਕਾਸ ਦਰ 7.2 ਫ਼ੀ ਸਦੀ ਸੀ।

ਅੰਕੜਿਆਂ ਮੁਤਾਬਕ 2023-24 ’ਚ ਜੀ.ਡੀ.ਪੀ. ਦੀ ਗਣਨਾ ’ਚ 2.59 ਲੱਖ ਕਰੋੜ ਰੁਪਏ ਦਾ ਫ਼ਰਕ ਸੀ, ਜੋ 2022-23 ’ਚ 3.80 ਲੱਖ ਕਰੋੜ ਰੁਪਏ ਅਤੇ 2021-22 ’ਚ 4.47 ਲੱਖ ਕਰੋੜ ਰੁਪਏ ਸੀ।

ਜੀ.ਡੀ.ਪੀ. ਦੇ ਅੰਕੜਿਆਂ ’ਚ ਫ਼ਰਕ ਉਤਪਾਦਨ ਵਿਧੀ ਅਤੇ ਖ਼ਰਚ ਵਿਧੀ ਦੇ ਤਹਿਤ ਕੌਮੀ ਆਮਦਨ ’ਚ ਫ਼ਰਕ ਨੂੰ ਦਰਸਾਉਂਦਾ ਹੈ। ਮਾਹਰਾਂ ਮੁਤਾਬਕ ਸੂਬਾ ਸਰਕਾਰਾਂ ਸਮੇਤ ਵੱਖ-ਵੱਖ ਏਜੰਸੀਆਂ ਵਲੋਂ ਸੂਚਨਾ ਦੇ ਪ੍ਰਸਾਰ ’ਚ ਦੇਰੀ ਕਾਰਨ ਕੌਮੀ ਖਾਤਿਆਂ ’ਚ ਹਮੇਸ਼ਾ ਕੁੱਝ ਗੜਬੜ ਰਹੇਗੀ। ਚਾਲੂ ਵਿੱਤੀ ਸਾਲ ਲਈ ਕੌਮੀ ਖਾਤਿਆਂ ਦੇ ਅੰਕੜਿਆਂ ’ਚ ਉੱਚ ਪੱਧਰੀ ਅੰਤਰ ਦੇ ਸਬੰਧ ਵਿੱਚ, ਮਾਹਰਾਂ ਦਾ ਮੰਨਣਾ ਹੈ ਕਿ ਅੰਕੜਿਆਂ ਨੂੰ ਜਿੰਨਾ ਸੰਭਵ ਹੋ ਸਕੇ ਸਹੀ ਢੰਗ ਨਾਲ ਦਰਸਾਉਣ ਲਈ ਅੰਤਰ ਪ੍ਰਤੀਬਿੰਬਤ ਹੁੰਦੇ ਹਨ। 

ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਅੰਤਰ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਕੌਮੀ ਆਮਦਨ ਦੀ ਗਣਨਾ ਕਰਨ ਦੇ ਤਿੰਨ ਤਰੀਕੇ ਹਨ: ਉਤਪਾਦਨ ਖ਼ਰਚ ਅਤੇ ਆਮਦਨ।

ਐਨ.ਐਸ.ਓ. ਦੇ ਚਾਲੂ ਵਿੱਤੀ ਸਾਲ ਲਈ ਕੌਮੀ ਖਾਤਿਆਂ ਦੇ ਪਹਿਲੇ ਅਨੁਮਾਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਦੇਸ਼ ਦਾ ਕੁਲ ਮੁੱਲ ਵਾਧਾ (ਜੀ.ਵੀ.ਏ.) 2023-24 ’ਚ 6.9 ਫ਼ੀ ਸਦੀ ਦੀ ਦਰ ਨਾਲ ਵਧੇਗਾ, ਜੋ 2022-23 ਦੇ 7 ਫ਼ੀ ਸਦੀ ਤੋਂ ਘੱਟ ਹੈ।

ਹਾਲਾਂਕਿ ਇਸ ਵਿੱਤੀ ਸਾਲ ’ਚ ਜੀ.ਡੀ.ਪੀ. ਵਿਕਾਸ ਦਰ 7.3 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ, ਜੋ 2022-23 ’ਚ 7.2 ਫ਼ੀ ਸਦੀ ਸੀ। ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਜੀ.ਵੀ.ਏ. ਅਤੇ ਟੈਕਸਾਂ ਦਾ ਸ਼ੁੱਧ ਜੋੜ ਹੈ। ਦੇਸ਼ ’ਚ ਸਬੂਤ ਅਧਾਰਤ ਨੀਤੀ ਨਿਰਮਾਣ ਲਈ ਕੌਮੀ ਖਾਤਿਆਂ ਦੀ ਗਣਨਾ ਮਹੱਤਵਪੂਰਨ ਹੋ ਜਾਂਦੀ ਹੈ।