ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ‘ਉਪਗ੍ਰਹਿ ਅਧਾਰਤ ਟੋਲ ਪ੍ਰਣਾਲੀ’, ਸਾਰੇ ਟੋਲ ਨਾਕੇ ਹਟਾ ਦਿਤੇ ਜਾਣਗੇ : ਗਡਕਰੀ

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਟੋਲ ਬੂਥਾਂ ਤੋਂ ਰੋਜ਼ਾਨਾ ਔਸਤਨ 49,000 ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ

Nitin Gadkari

ਨਵੀਂ ਦਿੱਲੀ: ਆਗਾਮੀ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਸੜਕ ਟੈਕਸ ਜਾਂ ਟੋਲ ਲਈ ‘ਸੈਟੇਲਾਈਟ ਅਧਾਰਤ ਟੋਲਿੰਗ ਪ੍ਰਣਾਲੀ’ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਟੋਲ ਪਲਾਜ਼ਾ ਹਟਾਏ ਜਾਣਗੇ ਅਤੇ ਡਰਾਈਵਰਾਂ ਨੂੰ ਤੈਅ ਕੀਤੀ ਦੂਰੀ ਦਾ ਹੀ ਭੁਗਤਾਨ ਕਰਨਾ ਹੋਵੇਗਾ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਸਰਕਾਰ ਟੋਲ ‘ਸੈਟੇਲਾਈਟ ਅਧਾਰਤ ਟੋਲ ਸਿਸਟਮ’ ਲਈ ਦੁਨੀਆਂ ਦੀ ਸੱਭ ਤੋਂ ਵਧੀਆ ਤਕਨਾਲੋਜੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਤੇ ਵੀ ਰੁਕਣ ਦੀ ਲੋੜ ਨਹੀਂ ਪਵੇਗੀ। ਲੋਕਾਂ ਦੀਆਂ ਗੱਡੀਆਂ ਦੀ ਨੰਬਰ ਪਲੇਟ ਦੀ ਫੋਟੋ ਖਿੱਚੀ ਜਾਵੇਗੀ। ਕਿੱਥੋਂ ਦਾਖ਼ਲਾ ਲਿਆ ਅਤੇ ਕਿੱਥੋਂ ਬਾਹਰ ਨਿਕਲੇ, ਸਿਰਫ ਉਸੇ ਦੂਰੀ ਲਈ ਟੋਲ ਵਸੂਲੀ ਕੀਤੀ ਜਾਵੇਗੀ ਅਤੇ ਇਹ ਰਕਮ ਡਰਾਈਵਰ ਦੇ ਬੈਂਕ ਖਾਤੇ ਤੋਂ ਕੱਟੀ ਜਾਵੇਗੀ।

ਇਕ ਹੋਰ ਪੂਰਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਟੋਲ ਬੂਥਾਂ ਤੋਂ ਰੋਜ਼ਾਨਾ ਔਸਤਨ 49,000 ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ। ਫਾਸਟੈਗ ਪ੍ਰਣਾਲੀ ਦੀ ਵਰਤੋਂ 98.5 ਫ਼ੀ ਸਦੀ ਲੋਕਾਂ ਵਲੋਂ ਕੀਤੀ ਗਈ ਹੈ ਅਤੇ 8.13 ਕਰੋੜ ਫਾਸਟੈਗ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਹਰ ਰੋਜ਼ ਔਸਤਨ 170 ਤੋਂ 200 ਕਰੋੜ ਰੁਪਏ ਦਾ ਟੋਲ ਆਉਂਦਾ ਹੈ। 

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਕਿ ਧਾਰਮਕ ਸੈਰ-ਸਪਾਟੇ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਚੰਗੀਆਂ ਸੜਕਾਂ ਮਿਲਣ। ਉਨ੍ਹਾਂ ਕਿਹਾ ਕਿ ਬੁੱਧ ਸਰਕਟ 22,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਅਤੇ ਇਸ ਨੂੰ ਚਾਰ ਮਾਰਗੀ ਬਣਾਇਆ ਗਿਆ ਸੀ। ਇਸੇ ਤਰ੍ਹਾਂ ਅਯੁੱਧਿਆ ਸਰਕਟ ਵੀ 30,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ, ਜਿਸ ’ਚ ਰਾਮ ਦੀ ਜੰਗਲ ਯਾਤਰਾ ਨੂੰ ਨੇਪਾਲ ’ਚ ਸੀਤਾ ਦੇ ਜਨਮ ਸਥਾਨ ਨਾਲ ਵੀ ਜੋੜਿਆ ਗਿਆ ਸੀ। 

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਪੰਜ ਤਖ਼ਤ ਹਨ, ਜਿਨ੍ਹਾਂ ਵਿਚੋਂ ਤਿੰਨ ਪੰਜਾਬ ਵਿਚ, ਇਕ ਬਿਹਾਰ ਵਿਚ ਅਤੇ ਇਕ ਮਹਾਰਾਸ਼ਟਰ ਦੇ ਨਾਂਦੇੜ ਵਿਚ ਹੈ। ਇਨ੍ਹਾਂ ਪੰਜਾਂ ਤਖ਼ਤਿਆਂ ਨੂੰ ਚਾਰ ਮਾਰਗਾਂ ਨਾਲ ਜੋੜਿਆ ਗਿਆ ਹੈ। ਗਡਕਰੀ ਮੁਤਾਬਕ ਉਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ ਕਿ ਚਾਰ ਧਾਮ ਦਾ ਕੰਮ ਸਿਰਫ ਅੱਧਾ ਹੀ ਹੋਇਆ ਹੈ ਪਰ ਵੱਡੀ ਗਿਣਤੀ ’ਚ ਸੈਲਾਨੀ ਆ ਰਹੇ ਹਨ। ਅਜਿਹੇ ’ਚ 49 ਫੀ ਸਦੀ ਖਰਚ ਰੋਜ਼ਗਾਰ ਸਿਰਜਣ ’ਤੇ ਹੁੰਦਾ ਹੈ। 

ਹੇਮਕੁੰਡ ਸਾਹਿਬ ਨਾਲ ਸੜਕ ਸੰਪਰਕ ਬਾਰੇ ਗਡਕਰੀ ਨੇ ਕਿਹਾ ਕਿ ਉੱਥੇ ਰੋਪਵੇਅ ਬਣਾਇਆ ਜਾ ਰਿਹਾ ਹੈ ਅਤੇ ਇਹ ਲਾਭਦਾਇਕ ਵੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਸੜਕ ਬਣਾਉਣਾ ਬਹੁਤ ਮੁਸ਼ਕਲ ਹੈ।