ਸੋਮਵਾਰ ਨੂੰ ਸੈਂਸੈਕਸ 2,227 ਅੰਕ ਡਿੱਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਿਵੇਸ਼ਕਾਂ ਨੂੰ 14 ਲੱਖ ਕਰੋੜ ਰੁਪਏ ਦਾ ਨੁਕਸਾਨ

Sensex fell 2,227 points on Monday

ਮੁੰਬਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ’ਚ ਵਾਧੇ ਅਤੇ ਚੀਨ ਦੇ ਜਵਾਬੀ ਕਦਮ ਚੁੱਕਣ ਤੋਂ ਬਾਅਦ ਆਲਮੀ ਬਾਜ਼ਾਰ ’ਚ ਆਈ ਗਿਰਾਵਟ ਕਾਰਨ ਸੋਮਵਾਰ ਨੂੰ ਸੈਂਸੈਕਸ 2,226.79 ਅੰਕ ਡਿੱਗ ਗਿਆ, ਜੋ ਪਿਛਲੇ 10 ਮਹੀਨਿਆਂ ’ਚ ਇਕ ਦਿਨ ਦੀ ਸੱਭ ਤੋਂ ਵੱਡੀ ਗਿਰਾਵਟ ਹੈ। ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਕਾਰਨ ਦਲਾਲ ਸਟ੍ਰੀਟ ਨਿਵੇਸ਼ਕਾਂ ਦੀ ਜਾਇਦਾਦ ’ਚ ਸੋਮਵਾਰ ਨੂੰ 14 ਲੱਖ ਕਰੋੜ ਰੁਪਏ ਦੀ ਭਾਰੀ ਗਿਰਾਵਟ ਆਈ। ਸਵੇਰ ਦੇ ਕਾਰੋਬਾਰ ਦੌਰਾਨ ਇਕ ਸਮੇਂ ਨਿਵੇਸ਼ਕਾਂ ਦੀ ਜਾਇਦਾਦ ’ਚ 20.16 ਲੱਖ ਕਰੋੜ ਰੁਪਏ ਦੀ ਭਾਰੀ ਗਿਰਾਵਟ ਹੋ ਗਈ ਸੀ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 226.79 ਅੰਕ ਯਾਨੀ 2.95 ਫੀ ਸਦੀ ਡਿੱਗ ਕੇ 73,137.90 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਵਾਰੀ ਸੂਚਕ ਅੰਕ 3,939.68 ਅੰਕ ਯਾਨੀ 5.22 ਫੀ ਸਦੀ ਡਿੱਗ ਕੇ 71,425.01 ਅੰਕ ’ਤੇ ਆ ਗਿਆ। ਹਾਲਾਂਕਿ ਬਾਅਦ ’ਚ ਇਹ ਕਾਫ਼ੀ ਸੁਧਰਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 742.85 ਅੰਕ ਯਾਨੀ 3.24 ਫੀ ਸਦੀ ਡਿੱਗ ਕੇ 22,161.60 ਅੰਕ ’ਤੇ ਬੰਦ ਹੋਇਆ।

ਹਿੰਦੁਸਤਾਨ ਯੂਨੀਲੀਵਰ ਨੂੰ ਛੱਡ ਕੇ ਸੈਂਸੈਕਸ ਦੇ ਸਾਰੇ ਸ਼ੇਅਰ ਘਾਟੇ ’ਚ ਬੰਦ ਹੋਏ। ਟਾਟਾ ਸਟੀਲ ਦਾ ਸ਼ੇਅਰ ਸੱਭ ਤੋਂ ਵੱਧ 7.33 ਫੀ ਸਦੀ ਡਿੱਗਿਆ, ਇਸ ਤੋਂ ਬਾਅਦ ਲਾਰਸਨ ਟੂਬਰੋ ਦਾ ਸ਼ੇਅਰ 5.78 ਫੀ ਸਦੀ ਡਿੱਗਿਆ। ਇਸ ਤੋਂ ਇਲਾਵਾ ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਮਹਿੰਦਰਾ, ਇਨਫੋਸਿਸ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਸੀ.ਐਲ. ਟੈਕਨਾਲੋਜੀਜ਼ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।

ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਬਾਜ਼ਾਰ ਇਸ ਕਾਰਨ ਡਿੱਗਾ ਕਿਉਂਕਿ ਉੱਚ ਅਮਰੀਕੀ ਟੈਰਿਫ ’ਤੇ ਸ਼ੇਅਰਾਂ ਦੀ ਵਿਕਰੀ ਅਤੇ ਹੋਰ ਦੇਸ਼ਾਂ ਵਲੋਂ ਬਦਲਾ ਲੈਣ ਲਈ ਅਮਰੀਕਾ ’ਤੇ ਟੈਕਸ ਲਗਾਉਣ ਨਾਲ ਵਪਾਰ ਜੰਗ ਸ਼ੁਰੂ ਹੋ ਸਕਦਾ ਹੈ। ਉੱਚ ਮਹਿੰਗਾਈ ਦੇ ਖਤਰੇ ਕਾਰਨ ਆਈ.ਟੀ. ਅਤੇ ਧਾਤੂ ਵਰਗੇ ਖੇਤਰਾਂ ਦਾ ਪ੍ਰਦਰਸ਼ਨ ਵਿਆਪਕ ਬਾਜ਼ਾਰ ਦੇ ਮੁਕਾਬਲੇ ਘੱਟ ਰਿਹਾ ਹੈ।

ਬੀ.ਐਸ.ਈ. ’ਤੇ 3515 ਸ਼ੇਅਰਾਂ ’ਚ ਗਿਰਾਵਟ ਆਈ, ਜਦਕਿ 570 ਸ਼ੇਅਰ ਚੜ੍ਹੇ ਅਤੇ 140 ’ਚ ਕੋਈ ਤਬਦੀਲੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਬੀ.ਐਸ.ਈ. ’ਤੇ 775 ਕੰਪਨੀਆਂ 52 ਹਫਤਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਹਨ, ਜਦਕਿ 59 ਕੰਪਨੀਆਂ 52 ਹਫਤਿਆਂ ਦੇ ਸਿਖਰ ’ਤੇ ਸਨ।

ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ (ਖੋਜ) ਪ੍ਰਸ਼ਾਂਤ ਤਾਪਸੇ ਨੇ ਕਿਹਾ ਕਿ ਪਹਿਲਾਂ ਹੀ ਕੱਚੇ ਤੇਲ ਅਤੇ ਕਈ ਧਾਤਾਂ ਦੀਆਂ ਵਸਤੂਆਂ ਦੀਆਂ ਕੀਮਤਾਂ ’ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ, ਜੋ ਮੌਜੂਦਾ ਰੁਝਾਨ ਜਾਰੀ ਰਹਿਣ ’ਤੇ ਮੰਗ ’ਚ ਗਿਰਾਵਟ ਦਾ ਸੰਕੇਤ ਹੈ।

ਪਿਛਲੇ ਸਾਲ 4 ਜੂਨ ਨੂੰ ਸੈਂਸੈਕਸ 4,389.73 ਅੰਕ ਯਾਨੀ 5.74 ਫੀ ਸਦੀ ਡਿੱਗ ਕੇ 72,079.05 ਅੰਕ ’ਤੇ ਬੰਦ ਹੋਇਆ ਸੀ। ਨਿਫਟੀ 4 ਜੂਨ, 2024 ਨੂੰ 1,379.40 ਅੰਕ ਯਾਨੀ 5.93 ਫੀ ਸਦੀ ਦੀ ਭਾਰੀ ਗਿਰਾਵਟ ਨਾਲ 21,884.50 ’ਤੇ ਬੰਦ ਹੋਇਆ ਸੀ। ਇਸ ਤੋਂ ਪਹਿਲਾਂ 23 ਮਾਰਚ 2020 ਨੂੰ ਸੈਂਸੈਕਸ ਅਤੇ ਨਿਫਟੀ ’ਚ 13 ਫੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਸੀ।

ਬੀ.ਐਸ.ਈ. ਦੇ ਸਾਰੇ ਖੇਤਰੀ ਸੂਚਕ ਅੰਕ ਡੂੰਘੀ ਕਟੌਤੀ ਨਾਲ ਬੰਦ ਹੋਏ। ਮੈਟਲ ’ਚ 6.22 ਫੀ ਸਦੀ, ਰੀਅਲਟੀ ’ਚ 5.69 ਫੀ ਸਦੀ, ਉਦਯੋਗਿਕ ’ਚ 4.57 ਫੀ ਸਦੀ, ਖਪਤਕਾਰ ਅਖਤਿਆਰੀ ’ਚ 3.79 ਫੀ ਸਦੀ, ਆਟੋ ’ਚ 3.77 ਫੀ ਸਦੀ, ਬੈਂਕੇਕਸ ’ਚ 3.37 ਫੀ ਸਦੀ, ਆਈ.ਟੀ. ’ਚ 2.92 ਫੀ ਸਦੀ, ਟੈਕ ’ਚ 2.85 ਫੀ ਸਦੀ ਅਤੇ ਬੀ.ਐੱਸ.ਈ. ਫੋਕਸਡ ਆਈ.ਟੀ. ’ਚ 2.63 ਫੀ ਸਦੀ ਦੀ ਗਿਰਾਵਟ ਆਈ।

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁਕਰਵਾਰ ਨੂੰ 3,483.98 ਕਰੋੜ ਰੁਪਏ ਦੇ ਸ਼ੇਅਰ ਵੇਚੇ। ਆਲਮੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 3.61 ਫੀ ਸਦੀ ਡਿੱਗ ਕੇ 63.21 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਪਿਛਲੇ ਹਫਤੇ ਸੈਂਸੈਕਸ 2050.23 ਅੰਕ ਯਾਨੀ 2.64 ਫੀ ਸਦੀ ਡਿੱਗਿਆ ਸੀ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 614.8 ਅੰਕ ਯਾਨੀ 2.61 ਫੀ ਸਦੀ ਡਿੱਗਿਆ ਸੀ।