ਹਿੰਡਨਬਰਗ ਨੇ ਪ੍ਰਕਾਸ਼ਨ ਤੋਂ 2 ਮਹੀਨੇ ਪਹਿਲਾਂ ਅਪਣੇ ਗਾਹਕ ਨਾਲ ਅਡਾਨੀ ਨਾਲ ਸਬੰਧਤ ਰੀਪੋਰਟ ਸਾਂਝੀ ਕੀਤੀ ਸੀ : SEBI
ਸੇਬੀ ਨੇ ਹਿੰਡਨਬਰਗ ਨੂੰ 46 ਪੰਨਿਆਂ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ
ਨਵੀਂ ਦਿੱਲੀ: ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਰੀਸਰਚ ਨੇ ਅਡਾਨੀ ਸਮੂਹ ਵਿਰੁਧ ਅਪਣੀ ਰੀਪੋਰਟ ਦੀ ਅਗਾਊਂ ਕਾਪੀ ਨਿਊਯਾਰਕ ਸਥਿਤ ਹੇਜ ਫੰਡ ਮੈਨੇਜਰ ਮਾਰਕ ਕਿੰਗਡਨ ਨਾਲ ਪ੍ਰਕਾਸ਼ਿਤ ਹੋਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਸਾਂਝੀ ਕੀਤੀ ਸੀ ਅਤੇ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਉਤਰਾਅ-ਚੜ੍ਹਾਅ ਦਾ ਫਾਇਦਾ ਉਠਾਇਆ ਸੀ। ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (SEBI) ਨੇ ਇਹ ਦਾਅਵਾ ਕੀਤਾ ਹੈ।
ਸੇਬੀ ਨੇ ਹਿੰਡਨਬਰਗ ਨੂੰ ਭੇਜੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ’ਚ ਵਿਸਥਾਰ ਨਾਲ ਦਸਿਆ ਕਿ ਰੀਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦੇ ਮੁਲਾਂਕਣ ’ਚ 150 ਅਰਬ ਡਾਲਰ ਦੀ ਭਾਰੀ ਗਿਰਾਵਟ ਨਾਲ ਨਿਊਯਾਰਕ ਸਥਿਤ ਹੇਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁੜੇ ਦਲਾਲਾਂ ਨੂੰ ਕਿਵੇਂ ਫਾਇਦਾ ਹੋਇਆ।
ਦੂਜੇ ਪਾਸੇ ਸੇਬੀ ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿਚ ਹਿੰਡਨਬਰਗ ਨੇ ਕਿਹਾ ਕਿ ਇਹ ‘ਉਨ੍ਹਾਂ ਲੋਕਾਂ ਨੂੰ ਚੁੱਪ ਕਰਾਉਣ ਅਤੇ ਡਰਾਉਣ ਦੀ ਕੋਸ਼ਿਸ਼ ਹੈ ਜੋ ਭਾਰਤ ਦੇ ਸੱਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਪਰਦਾਫਾਸ਼ ਕਰਦੇ ਹਨ।’ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਅਡਾਨੀ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਜ਼ ਲਿਮਟਿਡ ਇਹ ਇਕਾਈ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੀ ਮਾਰੀਸ਼ਸ ਸਥਿਤ ਸਹਾਇਕ ਕੰਪਨੀ ਕੋਟਕ ਮਹਿੰਦਰਾ (ਇੰਟਰਨੈਸ਼ਨਲ) ਲਿਮਟਿਡ (ਕੇ.ਐਮ.ਆਈ.ਐਲ.) ਦੇ ਵਿਰੁਧ ਦਾਅ ਲਗਾਉਂਦੀ ਸੀ।
ਕੇ.ਐਮ.ਆਈ.ਐਲ. ਦੇ ਫੰਡ ਨੇ ਅਪਣੇ ਗਾਹਕ ਕਿੰਗਡਨ ਦੇ ਕਿੰਗਡਨ ਕੈਪੀਟਲ ਮੈਨੇਜਮੈਂਟ ਲਈ ਅਡਾਨੀ ਐਂਟਰਪ੍ਰਾਈਜ਼ਜ਼ ਲਿਮਟਿਡ ’ਤੇ ਦਾਅ ਲਗਾਇਆ। ਸੇਬੀ ਦੇ ਨੋਟਿਸ ’ਚ ਅਡਾਨੀ ਐਂਟਰਪ੍ਰਾਈਜ਼ਜ਼ ਲਿਮਟਿਡ (ਏ.ਈ.ਐਲ.) ’ਚ ਭਵਿੱਖ ਦੇ ਠੇਕੇ ਵੇਚਣ ਲਈ ਇਕ ਹੇਜ ਫੰਡ ਦੇ ਮੁਲਾਜ਼ਮ ਅਤੇ ਕੇ.ਐਮ.ਆਈ.ਐਲ. ਦੇ ਵਪਾਰੀਆਂ ਵਿਚਕਾਰ ‘ਚੈਟ’ ਦੇ ਅੰਸ਼ ਸ਼ਾਮਲ ਹੁੰਦੇ ਹਨ।
ਕੋਟਕ ਮਹਿੰਦਰਾ ਬੈਂਕ ਨੇ ਕਿਹਾ ਹੈ ਕਿ ਕਿੰਗਡਨ ਨੇ ਕਦੇ ਵੀ ਇਹ ਪ੍ਰਗਟਾਵਾ ਨਹੀਂ ਕੀਤਾ ਕਿ ਉਨ੍ਹਾਂ ਦਾ ਹਿੰਡਨਬਰਗ ਨਾਲ ਕੋਈ ਰਿਸ਼ਤਾ ਹੈ ਅਤੇ ਨਾ ਹੀ ਉਹ ਕਿਸੇ ਕੀਮਤ ਸੰਵੇਦਨਸ਼ੀਲ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਰਹੇ ਸਨ।
ਸੇਬੀ ਨੇ ਪਿਛਲੇ ਸਾਲ ਸੁਪਰੀਮ ਕੋਰਟ ਵਲੋਂ ਨਿਯੁਕਤ ਪੈਨਲ ਨੂੰ ਦਸਿਆ ਸੀ ਕਿ ਉਹ ਅਡਾਨੀ ਸਮੂਹ ਦੇ ਪੰਜ ਜਨਤਕ ਤੌਰ ’ਤੇ ਕਾਰੋਬਾਰ ਕਰਨ ਵਾਲੇ ਸ਼ੇਅਰਾਂ ’ਚ 14 ਤੋਂ 20 ਫੀ ਸਦੀ ਹਿੱਸੇਦਾਰੀ ਰੱਖਣ ਵਾਲੀਆਂ 13 ਬਾਹਰੀ ਇਕਾਈਆਂ ਦੀ ਜਾਂਚ ਕਰ ਰਿਹਾ ਹੈ। ਸੇਬੀ ਨੇ ਨਾ ਸਿਰਫ ਹਿੰਡਨਬਰਗ ਨੂੰ ਬਲਕਿ ਕੇ.ਐਮ.ਆਈ.ਐਲ., ਕਿੰਗਡਨ ਅਤੇ ਹਿੰਡਨਬਰਗ ਦੇ ਸੰਸਥਾਪਕ ਨਾਥਨ ਐਂਡਰਸਨ ਨੂੰ ਵੀ ਨੋਟਿਸ ਭੇਜੇ ਹਨ।
ਜੇਠਮਲਾਨੀ ਨੇ ਕਿੰਗਡਨ ਦੇ ਚੀਨ ਨਾਲ ਸਬੰਧ ਦਸੇ
ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ, ਜਿਨ੍ਹਾਂ ਨੇ ਪਹਿਲਾਂ ਅਡਾਨੀ ਸਮੂਹ ਦੇ ਹੱਕ ’ਚ ਬੋਲਿਆ ਸੀ, ਨੇ ‘ਐਕਸ’ ’ਤੇ ਇਕ ਪੋਸਟ ’ਚ ਦਾਅਵਾ ਕੀਤਾ ਕਿ ਕਿੰਗਡਨ ਦੇ ਚੀਨ ਨਾਲ ਸਬੰਧ ਹਨ। ਕਿੰਗਡਨ ਦਾ ਵਿਆਹ ‘ਚੀਨੀ ਜਾਸੂਸ’ ਅਨਲਾ ਚੇਂਗ ਨਾਲ ਹੋਇਆ ਹੈ। ਜੇਠਮਲਾਨੀ ਨੇ ਦੋਸ਼ ਲਾਇਆ ਹੈ ਕਿ ਚੀਨੀ ਜਾਸੂਸ ਚੇਂਗ ਨੇ ਅਪਣੇ ਪਤੀ ਮਾਰਕ ਕਿੰਗਡਨ ਨਾਲ ਮਿਲ ਕੇ ਅਡਾਨੀ ’ਤੇ ਖੋਜ ਰੀਪੋਰਟ ਤਿਆਰ ਕਰਨ ਲਈ ਹਿੰਡਨਬਰਗ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਸੀ। ਉਸ ਨੇ ਕੋਟਕ ਨੂੰ ਅਡਾਨੀ ਦੇ ਸ਼ੇਅਰਾਂ ਨੂੰ ਸ਼ਾਰਟ-ਸੇਲ ਕਰਨ ਲਈ ਕਿਰਾਏ ’ਤੇ ਲਿਆ ਅਤੇ ਇਸ ਰਾਹੀਂ ਲੱਖਾਂ ਡਾਲਰ ਕਮਾਏ। ਇਸ ਨਾਲ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਮੁਲਾਂਕਣ ’ਚ ਭਾਰੀ ਗਿਰਾਵਟ ਆਈ।