ਸੋਨਾ ਰੀਕਾਰਡ ਪੱਧਰ 'ਤੇ, 38,000 ਰੁਪਏ ਲਾਗੇ ਪੁੱਜਾ

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਤੇ ਚੀਨ ਦੇ ਵਪਾਰਕ ਤਣਾਅ ਦਾ ਅਸਰ

Gold prices surge as US-China trade tensions

ਨਵੀਂ ਦਿੱਲੀ : ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਬੁਧਵਾਰ ਨੂੰ 1,113 ਰੁਪਏ ਦੀ ਤੇਜ਼ੀ ਨਾਲ 37,920 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ 'ਤੇ ਪੁੱਜ ਗਈ। ਅਮਰੀਕਾ ਅਤੇ ਚੀਨ ਵਿਚਾਲੇ ਤਾਜ਼ਾ ਵਪਾਰ ਤਣਾਅ ਵਧਣ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਬਦਲ ਵਜੋਂ ਸਰਾਫ਼ਾ ਵਲ ਦੌੜ ਲਾ ਦਿਤੀ ਹੈ ਜਿਸ ਕਾਰਨ ਵਿਦੇਸ਼ੀ ਬਾਜ਼ਾਰਾਂ ਵਿਚ ਤੇਜ਼ੀ ਦਾ ਰੁਝਾਨ ਰਿਹਾ।

ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਵਿਕਰੀ ਨਾਲ ਸੋਨੇ ਵਿਚ ਇਹ ਤੇਜ਼ੀ ਵੇਖਣ ਨੂੰ ਮਿਲੀ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਛਾਲ ਹੋਣ ਕਾਰਨ ਚਾਂਦੀ ਵੀ 650 ਰੁਪਏ ਵਧ ਕੇ 43,670 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਮਜ਼ਬੂਤ ਸੰਸਾਰ ਰੁਝਾਨ ਨਾਲ ਸਥਾਨਕ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ। 

ਸੰਸਾਰ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦੀ ਕੀਮਤ 1,48.20 ਡਾਲਰ ਪ੍ਰਤੀ ਔਂਸ ਸੀ ਜਦਕਿ ਚਾਂਦੀ ਵਿਚ 16.81 ਡਾਲਰ ਪ੍ਰਤੀ ਔਂਸ 'ਤੇ ਬੋਲੀ ਲੱਗ ਰਹੀ ਸੀ। ਭਾਰਤੀ ਸਰਾਫ਼ਾ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਜੈਨ ਨੇ ਕਿਹਾ, 'ਘਰੇਲੂ ਬਾਜ਼ਾਰ ਵਿਚ ਅੱਜ ਤਕ 37,920 ਰੁਪਏ ਪ੍ਰਤੀ 10 ਗ੍ਰਾਮ ਦਾ ਸੋਨੇ ਦਾ ਮੁਲ ਸੱਭ ਤੋਂ ਜ਼ਿਆਦਾ ਹੈ।' ਪਿਛਲੇ ਕੁੱਝ ਦਿਨਾਂ ਤੋਂ ਸੋਨੇ ਦੀਆਂ ਵਧ ਰਹੀਆਂ ਹਨ ਅਤੇ ਸੋਮਵਾਰ ਨੂੰ ਇਹ 36,970 ਰੁਪਏ ਦੇ ਪੱਧਰ 'ਤੇ ਜਾ ਪਹੁੰਚੀਆਂ ਸਨ। 

ਕੌਮੀ ਰਾਜਧਾਨੀ ਵਿਚ ਬੁਧਵਾਰ ਨੂੰ 99.9 ਫ਼ੀ ਸਦੀ ਸ਼ੁਧਤਾ ਵਾਲਾ ਸੋਨਾ 1113 ਰੁਪਏ ਵੱਧ ਕੇ 37920 ਰੁਪਏ ਹੋ ਗਿਆ ਜਦਕਿ 99.5 ਫ਼ੀ ਸਦੀ ਵਾਲਾ ਸੋਨਾ 1115 ਰੁਪਏ ਵਧ ਕੇ 37750 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਤਿਆਰ ਚਾਂਦੀ ਦੀ ਕੀਮਤ 650 ਰੁਪਏ ਵਧ ਕੇ 43,670 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜਦਕਿ ਚਾਂਦੀ ਹਫ਼ਤਾਵਾਰੀ ਡਲਿਵਰੀ ਦੀ ਕੀਮਤ 694 ਰੁਪਏ ਵੱਧ ਕੇ 42,985 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੇ ਦੇ ਸਿੱਕਿਆਂ ਦੀ ਚੰਗੀ ਮੰਗ ਰਹੀ ਅਤੇ ਇਨ੍ਹਾਂ ਦੀਆਂ ਕੀਮਤਾਂ 1000 ਰੁਪਏ ਦੀ ਤੇਜ਼ੀ ਨਾਲ 87000 ਰੁਪਏ ਪ੍ਰਤੀ ਸੈਂਕੜਾ ਰਹੀਆਂ। ਮਾਹਰਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਅਤੇ ਚੀਨ ਦਾ ਵਪਾਰਕ ਤਣਾਅ ਆਉਣ ਵਾਲੇ ਦਿਨਾਂ ਵਿਚ ਹੋਰ ਵਧਦਾ ਹੈ ਤਾਂ ਕੀਮਤਾਂ ਹੋਰ ਵਧ ਸਕਦੀਆਂ ਹਨ।