2047 ਤਕ ਵਿਕਸਤ ਦੇਸ਼ ਬਣਨ ਲਈ ਭਾਰਤ ਨੂੰ 8-9 ਫ਼ੀ ਸਦੀ ਵਿਕਾਸ ਦਰ ਦੀ ਜ਼ਰੂਰਤ : ਡੇਲਾਈਟ

ਏਜੰਸੀ

ਖ਼ਬਰਾਂ, ਵਪਾਰ

ਦੁਨੀਆਂ ’ਚ ਬਹੁਤ ਘੱਟ ਦੇਸ਼ ਹਨ ਜੋ ਸਾਲਾਨਾ 8-9 ਫ਼ੀ ਸਦੀ ਦੀ ਗਤੀ ਨਾਲ ਅੱਗੇ ਵਧਣ ’ਚ ਸਮਰੱਥ ਹਨ : ਰੋਮਲ ਸ਼ੈੱਟੀ

Romal Shetty.

ਨਵੀਂ ਦਿੱਲੀ: ਭਾਰਤ ਨੂੰ 2047 ਤਕ ਵਿਕਸਤ ਦੇਸ਼ ਬਣਨ ਲਈ ਅਗਲੇ 20 ਸਾਲਾਂ ਤਕ 8-9 ਫ਼ੀ ਸਦੀ ਦੀ ਦਰ ਨਾਲ ਵਧਣ ਦੀ ਜ਼ਰੂਰਤ ਹੈ। ਡੇਲਾਈਟ ਦਖਣੀ ਏਸ਼ੀਆ ਦੇ ਸੀ.ਈ.ਓ. ਰੋਮਲ ਸ਼ੈੱਟੀ ਨੇ ਇਹ ਗੱਲ ਕਹੀ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ਦਾ ਸੱਦਾ ਦਿਤਾ ਹੈ। 
ਸ਼ੈੱਟੀ ਨੇ ਕਿਹਾ ਕਿ ਭਾਰਤ ਨੂੰ ‘ਚੀਨ ਪਲੱਸ ਵਨ’ ਰਣਨੀਤੀ ਨਾਲ ਫ਼ਾਇਦਾ ਮਿਲ ਸਕਦਾ ਹੈ, ਕਿਉਂਕਿ ਕੋਈ ਦੂਜਾ ਦੇਸ਼ ਇਸ ਤਰ੍ਹਾਂ ਦੇ ਸੰਚਾਲਨ ਪੈਮਾਨੇ ਅਤੇ ਆਕਾਰ ਦੀ ਪੇਸ਼ਕਸ਼ ਨਹੀਂ ਕਰ ਸਕਦਾ, ਜਿਵੇਂ ਇਥੇ ਉਪਲਬਧ ਹੈ। 

ਪੁਲਾੜ ਖੇਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ’ਚ ਪਹਿਲਾਂ ਹੀ 200 ਸਟਾਰਟਅੱਪ ਹਨ ਅਤੇ ਇੱਥੇ 2040 ਤਕ 100 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਆ ਸਕਦਾ ਹੈ। 

ਸ਼ੈੱਟੀ ਨੇ ਕਿਹਾ, ‘‘ਸਾਨੂੰ ਇਕ ਵਿਕਸਤ ਅਰਥਵਿਵਸਥਾ ਬਣਨ ਲਈ ਘੱਟ ਤੋਂ ਘੱਟ 2047 ਤਕ 8-9 ਫ਼ੀ ਸਦੀ ਦੀ ਦਰ ਨਾਲ ਵਧਣ ਦੀ ਜ਼ਰੂਰਤ ਹੈ। ਦਰਮਿਆਨੀ ਆਮਦਨ ਪੱਧਰ ਤੋਂ ਅੱਗੇ ਵਧਣਾ ਹੋਵੇਗਾ... ਇਸ ਰਫ਼ਤਾਰ ਨਾਲ ਵਿਕਾਸ ਆਸਾਨ ਨਹੀਂ ਹੈ। ਦੁਨੀਆਂ ’ਚ ਬਹੁਤ ਘੱਟ ਦੇਸ਼ ਹਨ ਜੋ ਸਾਲਾਨਾ 8-9 ਫ਼ੀ ਸਦੀ ਦੀ ਗਤੀ ਨਾਲ ਅੱਗੇ ਵਧਣ ’ਚ ਸਮਰੱਥ ਹਨ।’’

ਮੋਦੀ ਨੇ ਪਿੱਛੇ ਜਿਹੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਭਾਰਤ ਨੇੜੇ ਭਵਿੱਖ ’ਚ ਸਿਖਰਲੀਆਂ ਤਿੰਨ ਅਰਥ ਵਿਵਸਥਾਵਾਂ ’ਚੋਂ ਹੋਵੇਗਾ। ਉਨ੍ਹਾਂ ਕਿਹਾ ਸੀ, ‘‘ਮੈਨੂੰ ਯਕੀਨ ਹੈ ਕਿ 2047 ਤਕ ਸਾਡਾ ਦੇਸ਼ ਵਿਕਸਤ ਦੇਸ਼ਾਂ ’ਚੋਂ ਹੋਵੇਗਾ। ਸਾਡੀ ਅਰਥਵਿਵਸਥਾ ਹੋਰ ਵੀ ਵੱਧ ਸਮਾਵੇਸ਼ੀ ਹੋਵੇਗੀ।’’ ਭਾਰਤ ਇਸ ਸਮੇਂ ਅਮਰੀਕਾ, ਚੀਨ ਜਾਪਾਨ ਅਤੇ ਜਰਮਨੀ ਤੋਂ ਬਾਅਦ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।