ਭਾਰਤੀ ਵਿਦਿਆਰਥੀਆਂ ਦੇ ਹਿੱਤ ’ਚ ਕੰਮ ਕਰਨ ਲਈ ਵਚਨਬੱਧ ਹਾਂ : ਟੋਰਾਂਟੋ ਯੂਨੀਵਰਸਿਟੀ
ਤੁਹਾਡਾ ਇੱਥੇ ਸੁਆਗਤ ਹੈ ਅਤੇ ਅਸੀਂ ਤੁਹਾਡੀ ਸਲਾਮਤੀ ਲਈ ਵਚਨਬੱਧ ਹਾਂ : ’ਵਰਸਿਟੀ ਦੇ ਕੌਮਾਂਤਰੀ ਵਾਈਸ ਪ੍ਰੈਜ਼ੀਡੈਂਟ ਪ੍ਰੋਫ਼ੈਸਰ ਜੋਸੇਫ਼ ਵੋਂਗ
ਭਾਰਤ-ਕੈਨੇਡਾ ਵਿਵਾਦ ਵਿਚਕਾਰ ’ਵਰਸਿਟੀ ਨੇ ਕਿਹਾ ਕਿ ਭਾਰਤ ਵਲੋਂ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰਨ ਨਾਲ ਆਪਸੀ ਸੰਪਰਕ ’ਚ ਰੁਕਾਵਟ ਆਵੇਗੀ
ਟੋਰਾਂਟੋ: ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਰੇੜਕੇ ਦਰਮਿਆਨ, ਕੈਨੇਡਾ ਦੀ ਇਕ ਪ੍ਰਮੁੱਖ ਯੂਨੀਵਰਸਿਟੀ ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਤਾ ਹੈ ਅਤੇ ਉਨ੍ਹਾਂ ਦੇ ਹਿੱਤ ’ਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਭਾਰਤ ਵਲੋਂ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰਨ ਨਾਲ ਆਪਸੀ ਸੰਪਰਕ ’ਚ ਰੁਕਾਵਟ ਆਵੇਗੀ।
ਟੋਰਾਂਟੋ ਯੂਨੀਵਰਸਿਟੀ ਦੇ ਕੌਮਾਂਤਰੀ ਵਾਈਸ ਪ੍ਰੈਜ਼ੀਡੈਂਟ ਪ੍ਰੋਫ਼ੈਸਰ ਜੋਸੇਫ਼ ਵੋਂਗ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਕੈਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਵਿਚਾਲੇ ਸਬੰਧਾਂ ’ਤੇ ਚਿੰਤਾਜਨਕ ਰੂਪ ਨਾਲ ਨਜ਼ਰ ਰੱਖ ਰਹੇ ਹਨ। ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਨਾਲ ਬੇਯਕੀਨੀ ਅਤੇ ਤਣਾਅ ਪੈਦਾ ਹੋ ਰਿਹਾ ਹੈ। ਸਾਡੇ ਕੋਲ ਅਜੇ ਬਹੁਤ ਸਾਰੇ ਗੰਭੀਰ ਸਵਾਲਾਂ ਦੇ ਜਵਾਬ ਨਹੀਂ ਹਨ।’’
ਵੋਂਗ ਨੇ ਕਿਹਾ ਕਿ ਟੋਰਾਂਟੋ ਯੂਨੀਵਰਸਿਟੀ ਨੂੰ ‘ਭਾਰਤ ਦੇ 2,400 ਤੋਂ ਵੱਧ ਵਿਦਿਆਰਥੀਆਂ ਦਾ ਘਰ ਹੋਣ ’ਤੇ ਮਾਣ ਹੈ, ਜੋ ਸਾਡੀਆਂ ਜਮਾਤਾਂ ਅਤੇ ਕੈਂਪਸ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਹਨ’ ਅਤੇ ਭਾਰਤ ਦੇ ਹੋਰ ਬਹੁਤ ਸਾਰੇ ਵਿਦਿਆਰਥੀਆਂ, ਫੈਕਲਟੀ, ਲਾਇਬ੍ਰੇਰੀ ਸਟਾਫ ਅਤੇ ਸਾਬਕਾ ਵਿਦਿਆਰਥੀਆਂ ਨਾਲ ਸਬੰਧ ਹਨ।
ਉਨ੍ਹਾਂ ਕਿਹਾ, ‘‘ਅਸੀਂ ਅਪਣੇ ਭਾਈਚਾਰੇ ਦੇ ਸਾਰੇ ਪ੍ਰਭਾਵਤ ਮੈਂਬਰਾਂ, ਅਤੇ ਖਾਸ ਤੌਰ ’ਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡਾ ਇੱਥੇ ਸੁਆਗਤ ਹੈ ਅਤੇ ਅਸੀਂ ਤੁਹਾਡੀ ਸਲਾਮਤੀ ਲਈ ਵਚਨਬੱਧ ਹਾਂ।’’ ਵੋਂਗ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੇ ਨਾਲ ਅਪਣੀ ‘ਲੰਬੀ ਮਿਆਦ ਦੀ ਭਾਈਵਾਲੀ’ ਲਈ ਵਚਨਬੱਧ ਹੈ, ਜੋ ਵੱਖੋ-ਵੱਖ ਖੇਤਰਾਂ ’ਚ ਅਕਾਦਮਿਕ ਸਹਿਯੋਗ ਦਾ ਸਮਰਥਨ ਕਰਦੀ ਹੈ ਅਤੇ ਅਪਣੇ ਵਿਦਿਆਰਥੀਆਂ ਲਈ ਅਣਮੁੱਲੇ ਕੌਮਾਂਤਰੀ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਸਥਾਨਕ ਅਤੇ ਕੌਮਾਂਤਰੀ ਪੱਧਰ ’ਤੇ ਤਬਦੀਲੀ ਲਿਆਉਣ ਦੇ ਸਾਡੇ ਆਪਸੀ ਟੀਚੇ ਅਨੁਸਾਰ ਇਨ੍ਹਾਂ ਸਬੰਧਾਂ ਨੂੰ ਜਾਰੀ ਰੱਖਣ ਅਤੇ ਡੂੰਘਾ ਕਰਨ ਲਈ ਤਤਪਰ ਹਾਂ। ਥੋੜ੍ਹੇ ਸਮੇਂ ਤਕ ਕੈਨੇਡੀਅਨ ਯਾਤਰੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰਨ ਨਾਲ ਸਾਡੀ ਗੱਲਬਾਤ ’ਚ ਰੁਕਾਵਟ ਆਵੇਗੀ, ਪਰ ਅਸੀਂ ਔਨਲਾਈਨ ਸੰਪਰਕ ਰਾਹੀਂ ਇਨ੍ਹਾਂ ਸਬੰਧਾਂ ਨੂੰ ਬਣਾਉਣਾ ਜਾਰੀ ਰੱਖਾਂਗੇ।’’
ਵੋਂਗ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਅਤੇ ਕੈਨੇਡਾ ਦੇ ਬਦਲਦੇ ਸਬੰਧਾਂ ਦਾ ਟੋਰਾਂਟੋ ਯੂਨੀਵਰਸਿਟੀ ਭਾਈਚਾਰੇ ’ਤੇ ਪੈਣ ਵਾਲੇ ਅਸਰ ’ਤੇ ਨਜ਼ਰ ਬਣਾਈ ਰੱਖੇਗਾ ਅਤੇ ‘ਜਿਉਂ-ਜਿਉਂ ਸਾਨੂੰ ਜਾਣਕਾਰੀਆਂ ਮਿਲਦੀਆਂ ਜਾਣਗੀਆਂ, ਅਸੀਂ ਸੂਚਨਾ ਦਿੰਦੇ ਰਹਾਂਗੇ।’ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਜੂਨ ’ਚ ਹੋਏ ਕਤਲ ’ਚ ਭਾਰਤੀ ਏਜੰਟਾਂ ਦੀ ਭੂਮਿਕਾ ਬਾਰੇ ਲਾਏ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਰੇੜਕਾ ਪੈਦਾ ਹੋ ਗਿਆ ਹੈ।
ਇਸ ਵਿਵਾਦ ਦਰਮਿਆਨ ਭਾਰਤ ਨੇ ਪਿਛਲੇ ਹਫ਼ਤੇ ਕੈਨੇਡਾ ਨੂੰ ਨਵੀਂ ਦਿੱਲੀ ’ਚ ਅਪਣੇ ਸਫ਼ੀਰਾਂ ਦੀ ਗਿਣਤੀ ਘਟਾਉਣ ਲਈ ਕਿਹਾ ਸੀ। ਭਾਰਤ ਨੇ ਕਿਹਾ ਕਿ ਕੈਨੇਡਾ ਨੂੰ ਗਿਣਤੀ ’ਚ ਬਰਾਬਰੀ ਹਾਸਲ ਕਰਨ ਲਈ ਦੇਸ਼ ’ਚ ਅਪਣੀ ਕੂਟਨੀਤਕ ਮੌਜੂਦਗੀ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਦੋਸ਼ ਲਾਇਆ ਕਿ ਕੁਝ ਕੈਨੇਡੀਅਨ ਸਫ਼ੀਰ ਨਵੀਂ ਦਿੱਲੀ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ’ਚ ਸ਼ਾਮਲ ਹਨ।
ਭਾਰਤ ਨੇ ਕੈਨੇਡਾ ’ਚ ਵੀਜ਼ਾ ਸੇਵਾਵਾਂ ਨੂੰ ‘ਅਗਲੇ ਹੁਕਮਾਂ ਤਕ’ ਮੁਅੱਤਲ ਕਰ ਦਿਤਾ ਹੈ। ਕੌਮਾਂਤਰੀ ਸਿੱਖਿਆ ਉਦਯੋਗ ਲਈ ਇਕ ਬਾਜ਼ਾਰ ਜਾਣਕਾਰੀ ਸਰੋਤ ‘ਆਈ.ਸੀ.ਈ.ਐਫ਼. ਮੌਨੀਟਰ’ ਅਨੁਸਾਰ ਦਸੰਬਰ 2022 ਦੇ ਅੰਤ ਤਕ 3,20,000 ਭਾਰਤੀ ਵਿਦਿਆਰਥੀਆਂ ਕੋਲ ਕੈਨੇਡਾ ’ਚ ਪੜ੍ਹਾਈ ਦਾ ਪਰਮਿਟ ਸੀ।