ਸੂਬਿਆਂ ਦੀ ਅਪਣੇ ਟੈਕਸ ਯੋਗਦਾਨ ਅਨੁਸਾਰ ਫੰਡਾਂ ਦੀ ਮੰਗ ‘ਘਟੀਆ ਸੋਚ’ : ਪੀਯੂਸ਼ ਗੋਇਲ 

ਏਜੰਸੀ

ਖ਼ਬਰਾਂ, ਵਪਾਰ

ਕਿਹਾ, ਜੇ ਦੇਸ਼ ਖੁਸ਼ਹਾਲ ਕਰਨਾ ਹੈ ਤਾਂ ਉੱਤਰ-ਪੂਰਬ ਦੇ ਅੱਠ ਸੂਬਿਆਂ ਤੇ ਪੂਰਬੀ ਭਾਰਤੀ ਸੂਬਿਆਂ ਦਾ ਵਿਕਾਸ ਕਰਨਾ ਹੋਵੇਗਾ

Piyush Goyal

ਮੁੰਬਈ : ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੁੱਝ  ਸੂਬਿਆਂ ਵਲੋਂ  ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੇਂਦਰੀ ਖਜ਼ਾਨੇ ’ਚ ਟੈਕਸਾਂ ਦੇ ਯੋਗਦਾਨ ਦੇ ਅਨੁਪਾਤ ’ਚ ਕੇਂਦਰੀ ਫੰਡ ਮਿਲੇ। ਗੋਇਲ ਨੇ ਸਨਿਚਰਵਾਰ  ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਜੇਕਰ ਦੇਸ਼ ਨੂੰ ਖੁਸ਼ਹਾਲ ਕਰਨਾ ਹੈ ਤਾਂ ਉੱਤਰ-ਪੂਰਬ ਦੇ ਅੱਠ ਸੂਬਿਆਂ ਅਤੇ ਪੂਰਬੀ ਭਾਰਤੀ ਸੂਬਿਆਂ ਜਿਵੇਂ ਬਿਹਾਰ, ਪਛਮੀ  ਬੰਗਾਲ, ਓਡੀਸ਼ਾ ਅਤੇ ਝਾਰਖੰਡ ਦਾ ਵਿਕਾਸ ਕਰਨਾ ਹੋਵੇਗਾ।

ਭਾਜਪਾ ਆਗੂ ਕੁਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਅਤੇ ‘ਅੰਤਰਰਾਜੀ ਜੀਵਨ ਵਿਚ ਵਿਦਿਆਰਥੀ ਅਨੁਭਵ’ (ਐਸ.ਈ.ਆਈ.ਐਲ.) ਪਹਿਲਕਦਮੀ ਵਲੋਂ ਕਰਵਾਈ ‘ਕੌਮੀ  ਏਕਤਾ ਯਾਤਰਾ 2025’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ’ਚ ਮੋਦੀ ਸਰਕਾਰ ਦਾ ਧਿਆਨ ਮਹਾਭਾਰਤ ਦੇ ਅਰਜੁਨ ਵਾਂਗ ਉੱਤਰ-ਪੂਰਬ ਅਤੇ ਪੂਰਬੀ ਸੂਬਿਆਂ ’ਤੇ  ਸੀ। ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਕੁੱਝ  ਸੂਬਿਆਂ ਅਤੇ ਕੁੱਝ  ਨੇਤਾਵਾਂ ਨੇ ... ਮੈਂ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦਾ ਪਰ ਢਾਈ ਸਾਲ ਤਕ ਚੱਲੀ ਮਹਾਰਾਸ਼ਟਰ ਦੀ ਪਿਛਲੀ ਸਰਕਾਰ ਦੇ ਕੁੱਝ  ਨੇਤਾ ਨੇਤਾ ਕਹਿੰਦੇ ਸਨ ਕਿ ਉਹ ਮੁੰਬਈ ਅਤੇ ਮਹਾਰਾਸ਼ਟਰ ਵਲੋਂ ਅਦਾ ਕੀਤੇ ਟੈਕਸ ਦੀ ਗਿਣਤੀ ਕਰਦੇ ਸਨ ਅਤੇ ਮੰਗ ਕਰਦੇ ਸਨ ਕਿ ਉਨ੍ਹਾਂ ਨੂੰ (ਕੇਂਦਰੀ ਫੰਡਾਂ ਦੀ) ਇੰਨੀ ਰਕਮ ਵਾਪਸ ਮਿਲਣੀ ਚਾਹੀਦੀ ਹੈ।’’

ਮੁੰਬਈ ਉੱਤਰੀ ਤੋਂ ਸੰਸਦ ਮੈਂਬਰ ਊਧਵ ਠਾਕਰੇ ਦੀ ਅਗਵਾਈ ਵਾਲੀ ਪਿਛਲੀ ਮਹਾ ਵਿਕਾਸ ਅਘਾੜੀ ਸਰਕਾਰ ਵਲ  ਇਸ਼ਾਰਾ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਵਰਗੇ ਕੁੱਝ ਸੂਬੇ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਦਾ ਕੀਤੇ ਟੈਕਸਾਂ ਦੀ ਰਕਮ ਵਾਪਸ ਮਿਲਣੀ ਚਾਹੀਦੀ ਹੈ। ਇਸ ਤੋਂ ਵੱਡੀ ਛੋਟੀ ਸੋਚ (ਛੋਟੀ ਸੋਚ) ਹੋਰ ਕੋਈ ਨਹੀਂ ਹੋ ਸਕਦੀ। ਇਸ ਤੋਂ ਵੱਧ ਮੰਦਭਾਗੀ ਕੋਈ ਚੀਜ਼ ਨਹੀਂ ਹੋ ਸਕਦੀ।’’

ਮੰਤਰੀ ਨੇ ਕਿਹਾ ਕਿ ਪਰ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਉੱਤਰ-ਪੂਰਬੀ ਭਾਰਤ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਗੋਇਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ 11 ਸਾਲਾਂ ਤੋਂ ਉੱਤਰ-ਪੂਰਬੀ ਭਾਰਤ ਨੂੰ ਤਰਜੀਹ ਦਿੰਦੇ ਹੋਏ ‘ਪੂਰਬ ਵਲ  ਵੇਖੋ’ ਦੀ ਨੀਤੀ ਅਪਣਾ ਰਹੀ ਹੈ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਉੱਤਰ-ਪੂਰਬੀ ਸੂਬਿਆਂ  ਦੀਆਂ ਰਾਜਧਾਨੀਆਂ ਨੂੰ ਰੇਲਵੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਰਾਜਮਾਰਗਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 65 ਤੋਂ ਵੱਧ ਵਾਰ ਉੱਤਰ-ਪੂਰਬ ਦਾ ਦੌਰਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਖੇਤਰ ਦੀ ਸੁੰਦਰਤਾ ਅਤੇ ਸਭਿਆਚਾਰ  ਨੂੰ ਵੇਖਣ  ਲਈ ਘੱਟੋ ਘੱਟ ਇਕ ਵਾਰ ਇਸ ਖੇਤਰ ਦਾ ਦੌਰਾ ਕਰਨ ਦੀ ਅਪੀਲ ਕੀਤੀ।