SBI ਨੂੰ ਝਟਕਾ! 411 ਕਰੋੜ ਦਾ ਚੂਨਾ ਲਗਾ ਕੇ ਦੇਸ਼ ਤੋਂ ਫਰਾਰ ਹੋਈ ਇਹ ਕੰਪਨੀ, ਜਾਣੋ ਪੂਰਾ ਮਾਮਲਾ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨਾਲ ਦਿੱਲੀ ਦੀ ਇਕ ਫਰਮ ਨੇ 411 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨਾਲ ਦਿੱਲੀ ਦੀ ਇਕ ਫਰਮ ਨੇ 411 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਤੋਂ ਬਾਅਦ ਕੰਪਨੀ ਦੇ ਮਾਲਕ ਦੇਸ਼ ਵਿਚੋਂ ਫਰਾਰ ਹੋ ਚੁੱਕੇ ਹਨ। ਸੀਬੀਆਈ ਨੇ ਹਾਲ ਹੀ ਵਿਚ ਇਹਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਐਸਬੀਆਈ ਵੱਲੋਂ ਇਹਨਾਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਪਹਿਲਾਂ ਹੀ ਇਹ ਦੇਸ਼ ਤੋਂ ਫਰਾਰ ਹੋ ਚੁੱਕੇ ਹਨ। ਸੀਬੀਆਈ ਨੇ ਹਾਲ ਹੀ ਵਿਚ ਪੱਛਮੀ ਏਸ਼ੀਆਈ ਦੇਸ਼ਾਂ ਅਤੇ ਯੂਰੋਪੀਅਨ ਦੇਸ਼ਾਂ ਨੂੰ ਬਾਸਮਤੀ ਚਾਵਲ ਦਾ ਨਿਰਯਾਤ ਕਰਨ ਵਾਲੀ ਕੰਪਨੀ ਅਤੇ ਉਸ ਦੇ ਨਿਰਦੇਸ਼ਕਾਂ ਨਰੇਸ਼ ਕੁਮਾਰ, ਸੁਰੇਸ਼ ਕੁਮਾਰ ਅਤੇ ਸੰਗੀਤਾ ਖਿਲਾਫ਼ ਐਸਬੀਆਈ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ।
ਐਸਬੀਆਈ ਨੇ ਇਲਜ਼ਾਮ ਲਗਾਇਆ ਹੈ ਕਿ ਇਹਨਾਂ ਲੋਕਾਂ ਨੇ ਬੈਂਕ ਨੂੰ 173 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਐਸਬੀਆਈ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਕੰਪਨੀ ਦੀਆਂ ਕਰਨਾਲ ਜ਼ਿਲ੍ਹੇ ਵਿਚ ਤਿੰਨ ਚਾਵਲ ਮਿੱਲਾਂ, ਅੱਠ ਸੌਰਟਿੰਗ ਅਤੇ ਗਰੇਡਿੰਗ ਯੂਨਿਟ ਹਨ।
ਕੰਪਨੀ ਨੇ ਵਪਾਰ ਲਈ ਸਾਊਦੀ ਅਰਬ ਅਤੇ ਦੁਬਈ ਵਿਚ ਦਫ਼ਤਰ ਵੀ ਖੋਲ੍ਹੇ ਹੋਏ ਹਨ। ਐਸਬੀਆਈ ਤੋਂ ਇਲਾਵਾ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਵਿਚ ਕੈਨਰਾ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਆਈਡੀਬੀਆਈ, ਸੈਂਟਰਲ ਬੈਂਕ ਆਫ ਇੰਡੀਆ ਅਤੇ ਕਾਰਪੋਰੇਸ਼ਨ ਬੈਂਕ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਹਾਲੇ ਤੱਕ ਇਸ ਮਾਮਲੇ ਵਿਚ ਛਾਪੇਮਾਰੀ ਦੀ ਕਾਰਵਾਈ ਨਹੀਂ ਕੀਤੀ ਗਈ ਹੈ। ਜਾਂਚ ਏਜੰਸੀ ਇਸ ਮਾਮਲੇ ਵਿਚ ਅਰੋਪੀਆਂ ਨੂੰ ਸੰਮਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਰੋਪੀ ਜਾਂਚ ਵਿਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਬੀਆਈ ਦੀ ਸ਼ਿਕਾਇਤ ਅਨੁਸਾਰ ਇਸ ਕੰਪਨੀ ਦਾ ਖਾਤਾ 27 ਜਨਵਰੀ 2016 ਨੂੰ ਐਨਪੀਏ ਬਣ ਗਿਆ ਸੀ।