ਇੰਡੀਅਨ ਆਇਲ ਦੇ ਪਟਰੌਲ ਪੰਪਾਂ 'ਤੇ ਸੱਭ ਤੋਂ ਵੱਧ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੈਟਰੋਲੀਅਮ ਮੰਤਰਾਲੇ ਵਲੋਂ ਲੋਕ ਸਭਾ 'ਚ ਹਾਲ ਹੀ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਮੁਤਾਬਕ 2015-2017 ਦੌਰਾਨ ਇੰਡੀਅਨ ਆਇਲ, ਬੀ.ਪੀ.ਸੀ.ਐਲ. ...

Indian oil Pumps

ਨਵੀਂ ਦਿਲੀ, ਪੈਟਰੋਲੀਅਮ ਮੰਤਰਾਲੇ ਵਲੋਂ ਲੋਕ ਸਭਾ 'ਚ ਹਾਲ ਹੀ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਮੁਤਾਬਕ 2015-2017 ਦੌਰਾਨ ਇੰਡੀਅਨ ਆਇਲ, ਬੀ.ਪੀ.ਸੀ.ਐਲ. ਅਤੇ ਐਚ.ਪੀ.ਸੀ.ਐਲ. ਦੇ ਪਟਰੌਲ ਪੰਪਾਂ 'ਤੇ ਠੱਗੀ ਦੇ ਕੁਲ 10,898 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਸੱਭ ਤੋਂ ਜ਼ਿਆਦਾ ਮਾਮਲੇ ਇੰਡੀਅਨ ਆਇਲ ਪਟਰੌਲ ਪੰਪ ਦੇ ਹਨ। 

ਡੈਟਾ ਮੁਤਾਬਕ ਇੰਡੀਅਨ ਆਇਲ ਪਟਰੈਲ ਪੰਪ ਉੱਤੇ ਠੱਗੀ ਦੇ ਮਾਮਲਿਆਂ ਦੀ ਗਿਣਤੀ 3901 ਹੈ। ਇਨ੍ਹਾਂ ਵਿਚੋਂ 1183 ਮਾਮਲੇ ਮਿਲਾਵਟਖੋਰੀ ਦੇ ਤੇ 2718 ਮਾਮਲੇ ਘੱਟ ਪਟਰੌਲ-ਡੀਜ਼ਲ ਦਿਤੇ ਜਾਣ ਦੇ ਹਨ। ਉਥੇ ਹੀ ਦੇਸ਼ ਦੇ 36 ਸੂਬਿਆਂ ਦੀ ਗੱਲ ਕਰੀਏ ਤਾਂ ਡੈਟਾ ਮੁਤਾਬਕ ਸੱਭ ਤੋਂ ਜ਼ਿਆਦਾ ਉਤਰ ਪ੍ਰਦੇਸ਼ ਵਿਚ ਮੌਜੂਦ ਇੰਡੀਅਨ ਆਇਲ ਪਟਰੌਲ ਪੰਪਾਂ 'ਤੇ ਠੱਗੀ ਹੋ ਰਹੀ ਹੈ। 

ਰਿਪੋਰਟ ਮੁਤਾਬਕ ਭਾਰਤ ਪੈਟਰੋਲੀਅਮ (ਬੀ.ਪੀ.ਸੀ.ਐਲ.) ਪਟਰੌਲ ਪੰਪਾਂ 'ਤੇ ਠੱਗੀ ਦੇ ਕੁਲ 3103 ਮਾਮਲੇ ਸਮੀਖਿਆ ਅਧੀਨ ਮਿਆਦ ਵਿਚ ਸਾਹਮਣੇ ਆਏ। ਇਨ੍ਹਾਂ ਵਿਚੋਂ 731 ਮਾਮਲੇ ਮਿਲਾਵਟਖੋਰੀ ਅਤੇ 2372 ਮਾਮਲੇ ਘੱਟ ਤੇਲ ਦਿਤੇ ਜਾਣ ਦੇ ਰਹੇ। ਸੂਬਿਆਂ ਦੇ ਹਿਸਾਬ ਨਾਲ ਬੀ.ਪੀ.ਸੀ.ਐਲ. ਪਟਰੌਲ ਪੰਪ 'ਤੇ ਮਿਲਾਵਟਖੋਰੀ ਦੇ ਸੱਭ ਤੋਂ ਜ਼ਿਆਦਾ ਮਾਮਲੇ ਕਰਨਾਟਕ ਵਿਚ ਤੇ ਘੱਟ ਪਟਰੌਲ-ਡੀਜ਼ਲ ਦਿਤੇ ਜਾਣ ਦੇ ਮਹਾਂਰਾਸ਼ਟਰ ਵਿਚ ਸਾਹਮਣੇ ਆਏ ਹਨ।  

ਉਥੇ ਹੀ ਹਿੰਦੋਸਤਾਨ ਪੈਟਰੋਲੀਅਮ (ਐਚ.ਪੀ.ਸੀ.ਐਲ.) ਦੇ ਪਟਰੌਲ ਪੰਪਾਂ 'ਤੇ 2015-2017 ਦੌਰਾਨ ਠੱਗੀ ਦੇ 3894 ਮਾਮਲੇ ਵਾਪਰੇ। ਇਨ੍ਹਾਂ ਵਿਚੋਂ ਮਿਲਾਵਟਖੋਰੀ ਦੇ 1136 ਮਾਮਲੇ ਤੇ ਘੱਟ ਤੇਲ ਦਿਤੇ ਜਾਣ ਦੇ 2758 ਮਾਮਲੇ ਰਹੇ।  ਸੂਬਿਆਂ ਦੇ ਹਿਸਾਬ ਨਾਲ ਐਚ.ਪੀ.ਸੀ.ਐਲ. ਪਟਰੌਲ ਪੰਪਾਂ 'ਤੇ ਸੱਭ ਤੋਂ ਜ਼ਿਆਦਾ ਠੱਗੀ ਮਹਾਂਰਾਸ਼ਟਰ ਵਿਚ ਹੋਈ।   (ਏਜੰਸੀ)