ਰੇਲ ਗੱਡੀ ’ਚ ਸਫ਼ਰ ਕਰਨ ਵਾਲਿਆਂ ਨੂੰ ਛੇਤੀ ਹੀ ਮਿਲਣ ਵਾਲੀ ਹੈ ਵੱਡੀ ਸਹੂਲਤ, ਜਾਣੋ ਉੱਤਰੀ ਰੇਲਵੇ ਨੇ ਕੀ ਕੀਤਾ ਐਲਾਨ
ਅਗਲੇ ਦੋ ਸਾਲਾਂ ’ਚ 10,000 ਨਾਨ-ਏਸੀ ਕੋਚ ਬਣਨ ਤੋਂ ਬਾਅਦ ਕੁਲ ਮੁਸਾਫ਼ਰ ਕੋਚਾਂ ’ਚ ਉਨ੍ਹਾਂ ਦੀ ਹਿੱਸੇਦਾਰੀ 22 ਫੀ ਸਦੀ ਵਧ ਜਾਵੇਗੀ
ਨਵੀਂ ਦਿੱਲੀ: ਆਮ ਰੇਲ ਮੁਸਾਫ਼ਰਾਂ ਦੀ ਯਾਤਰਾ ਨੂੰ ਸਹੂਲਤਜਨਕ ਬਣਾਉਣ ਦੇ ਉਦੇਸ਼ ਨਾਲ ਭਾਰਤੀ ਰੇਲਵੇ ਅਗਲੇ ਦੋ ਵਿੱਤੀ ਸਾਲਾਂ ’ਚ 10,000 ਗੈਰ-ਏਅਰ ਕੰਡੀਸ਼ਨਡ ਕੋਚ ਬਣਾਉਣ ਜਾ ਰਿਹਾ ਹੈ।
ਉੱਤਰੀ ਰੇਲਵੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਪਹਿਲ ਦਾ ਉਦੇਸ਼ ਆਮ ਰੇਲ ਮੁਸਾਫ਼ਰਾਂ ਲਈ ਸਹੂਲਤਾਂ ਵਧਾਉਣਾ ਹੈ। ਅਗਲੇ ਦੋ ਸਾਲਾਂ ’ਚ 10,000 ਨਾਨ-ਏਸੀ ਕੋਚ ਬਣਨ ਤੋਂ ਬਾਅਦ ਕੁਲ ਮੁਸਾਫ਼ਰ ਕੋਚਾਂ ’ਚ ਉਨ੍ਹਾਂ ਦੀ ਹਿੱਸੇਦਾਰੀ 22 ਫੀ ਸਦੀ ਵਧ ਜਾਵੇਗੀ।
ਵਿੱਤੀ ਸਾਲ 2024-25 ਦੌਰਾਨ ਰੇਲਵੇ ਜਨਰਲ ਕਲਾਸ ਦੇ 2,605 ਕੋਚਾਂ, ਸਲੀਪਰ ਕਲਾਸ ਦੇ 1,470 ਕੋਚਾਂ ਅਤੇ ਐਸ.ਐਲ.ਆਰ. (ਗਾਰਡ ਅਤੇ ਅਪਾਹਜਾਂ ਲਈ ਨਿਰਧਾਰਤ) ਸ਼੍ਰੇਣੀ ਦੇ 323 ਕੋਚਾਂ ਵਾਲੀਆਂ 32 ਪਾਰਸਲ ਵੈਨਾਂ ਅਤੇ 55 ਪੈਂਟਰੀ ਕਾਰਾਂ ਦਾ ਨਿਰਮਾਣ ਕਰੇਗਾ।
ਮੁਸਾਫ਼ਰਾਂ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਨਿਰਮਾਣ ਪ੍ਰੋਗਰਾਮ ’ਚ ਅੰਮ੍ਰਿਤ ਭਾਰਤ ਰੇਲ ਗੱਡੀਆਂ ਲਈ ਜਨਰਲ, ਸਲੀਪਰ ਅਤੇ ਐਸ.ਐਲ.ਆਰ. ਕੋਚ ਵੀ ਸ਼ਾਮਲ ਹੋਣਗੇ।
ਇਸੇ ਤਰ੍ਹਾਂ ਵਿੱਤੀ ਸਾਲ 2025-26 ’ਚ ਜਨਰਲ ਕਲਾਸ ਦੇ 2710 ਕੋਚ, ਸਲੀਪਰ ਕਲਾਸ ਦੇ 1910 ਕੋਚ, 514 ਐਸ.ਐਲ.ਆਰ. ਕੋਚ, 200 ਪਾਰਸਲ ਵੈਨ ਅਤੇ 110 ਪੈਂਟਰੀ ਕਾਰਾਂ ਦਾ ਨਿਰਮਾਣ ਕੀਤਾ ਜਾਵੇਗਾ।
ਬਿਆਨ ’ਚ ਕਿਹਾ ਗਿਆ ਹੈ ਕਿ ਰੇਲਵੇ ਦਾ ਧਿਆਨ ਗੈਰ-ਏਅਰ ਕੰਡੀਸ਼ਨਡ ਕੋਚਾਂ ’ਚ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਲਈ ਢੁਕਵੀਆਂ ਅਤੇ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਦਲਦੀਆਂ ਜ਼ਰੂਰਤਾਂ ਅਤੇ ਮੁਸਾਫ਼ਰਾਂ ਦੇ ਮੌਸਮੀ ਉਤਰਾਅ-ਚੜ੍ਹਾਅ ਦੇ ਅਨੁਸਾਰ ਆਰਾਮ ਅਤੇ ਉਪਲਬਧਤਾ ਵਧਾਉਣਾ ਹੈ।
ਨਵੇਂ ਕੋਚਾਂ ਦੇ ਨਿਰਮਾਣ ਨਾਲ ਰੇਲਵੇ ਜ਼ਿਆਦਾ ਤੋਂ ਜ਼ਿਆਦਾ ਮੁਸਾਫ਼ਰਾਂ ਨੂੰ ਕੰਫਰਮ ਟਿਕਟਾਂ ਮੁਹੱਈਆ ਕਰਵਾਉਣ ਦੀ ਸਥਿਤੀ ’ਚ ਹੋਵੇਗਾ। ਇਸ ਨਾਲ ਮੁਸਾਫ਼ਰਾਂ ਨੂੰ ਲੰਬੀ ਉਡੀਕ ਸੂਚੀ ਦੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਖਾਸ ਤੌਰ ’ਤੇ ਤਿਉਹਾਰਾਂ ਅਤੇ ਛੁੱਟੀਆਂ ਦੇ ਦੌਰਾਨ, ਪੁਸ਼ਟੀ ਟਿਕਟਾਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਰੇਲ ਗੱਡੀ ’ਚ ਜਨਰਲ ਅਤੇ ਸਲੀਪਰ ਕਲਾਸ ਦੇ ਕੋਚਾਂ ਦੀ ਗਿਣਤੀ ਘਟਣ ਕਾਰਨ ਵੀ ਸਮੱਸਿਆ ਵੱਧ ਜਾਂਦੀ ਹੈ।
ਰੇਲਵੇ ਨੇ ਇਸ ਸਮੱਸਿਆ ਨੂੰ ਦੂਰ ਕਰਨ ਅਤੇ ਸਹੂਲਤਜਨਕ ਯਾਤਰਾ ਪ੍ਰਦਾਨ ਕਰਨ ਦੇ ਇਰਾਦੇ ਨਾਲ ਗੈਰ-ਏਅਰ ਕੰਡੀਸ਼ਨਡ ਕਲਾਸ ਕੋਚ ਬਣਾਉਣ ਦਾ ਫੈਸਲਾ ਕੀਤਾ ਹੈ।