ਚੀਨੀ ਮੋਬਾਈਲਾਂ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਤਿਆਰੀ 'ਚ ਭਾਰਤ ਸਰਕਾਰ!
12,000 ਰੁਪਏ ਤੋਂ ਘੱਟ ਕੀਮਤ ਵਾਲੇ ਚੀਨੀ ਮੋਬਾਈਲ ਵੇਚਣ 'ਤੇ ਲੱਗ ਸਕਦੀ ਹੈ ਪਾਬੰਦੀ
Xiaomi, Poco, Realme ਅਤੇ ਹੋਰ ਚੀਨੀ ਕੰਪਨੀਆਂ ਨੂੰ ਝੱਲਣਾ ਪਵੇਗਾ ਵੱਡਾ ਨੁਕਸਾਨ
ਨਵੀਂ ਦਿੱਲੀ : ਭਾਰਤ ਸਰਕਾਰ ਚੀਨ ਦੀਆਂ ਮੋਬਾਈਲ ਨਿਰਮਾਤਾ ਕੰਪਨੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਜਲਦ ਹੀ ਕਈ ਚੀਨੀ ਮੋਬਾਈਲਾਂ ਦੀ ਵਿਕਰੀ 'ਤੇ ਰੋਕ ਲੱਗ ਸਕਦੀ ਹੈ। ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਚੀਨੀ ਸਮਾਰਟਫੋਨ ਕੰਪਨੀਆਂ ਨੂੰ 12,000 ਰੁਪਏ ਤੋਂ ਘੱਟ ਕੀਮਤ ਵਾਲੇ ਮੋਬਾਇਲ ਵੇਚਣ 'ਤੇ ਰੋਕ ਲਗਾ ਸਕਦੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ Xiaomi, Poco, Realme ਅਤੇ ਹੋਰ ਚੀਨੀ ਕੰਪਨੀਆਂ ਨੂੰ ਇਸਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ 12,000 ਰੁਪਏ ਤੋਂ ਘੱਟ ਦੇ ਸਮਾਰਟਫ਼ੋਨ ਦੀ ਵਿਕਰੀ ਭਾਰਤ 'ਚ ਕੁੱਲ ਮੋਬਾਈਲ ਵਿਕਰੀ ਦਾ ਇੱਕ ਤਿਹਾਈ ਹਿੱਸਾ ਹੈ। ਇਹ ਅੰਕੜਾ ਜੂਨ 2022 ਤਿਮਾਹੀ ਦਾ ਹੈ। ਭਾਰਤ ਸਰਕਾਰ ਵਲੋਂ ਇਹ ਪਾਬੰਦੀ ਇਸ ਦਾ ਮਕਸਦ ਤਹਿਤ ਲਗਾਈ ਜਾਵੇਗੀ ਤਾਂ ਜੋ ਘਰੇਲੂ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਸਮੇਂ ਚੀਨੀ ਸਮਾਰਟਫੋਨ ਕੰਪਨੀਆਂ ਬਜਟ ਸੈਗਮੈਂਟ ਅਤੇ 15,000 ਰੁਪਏ ਵਾਲੇ ਹਿੱਸੇ 'ਤੇ ਹਾਵੀ ਹਨ। ਇਸ 'ਚ ਕੁਝ ਸ਼ੇਅਰ ਸੈਮਸੰਗ ਅਤੇ ਕੁਝ ਹੋਰ ਗੈਰ-ਚੀਨੀ ਕੰਪਨੀਆਂ ਦੇ ਵੀ ਹਨ। ਇਨ੍ਹਾਂ 'ਤੇ ਕਾਬੂ ਪਾਉਣ ਲਈ ਅਤੇ ਘਰੇਲੂ ਕੰਪਨੀਆਂ ਨੂੰ ਹੁਲਾਰਾ ਦੇਣ ਲਈ ਸਰਕਾਰ ਇਹ ਕਦਮ ਚੁੱਕ ਸਕਦੀ ਹੈ ਅਤੇ ਇਸ ਲਾਵਾ, ਮਾਈਕ੍ਰੋਮੈਕਸ ਅਤੇ ਹੋਰ ਘਰੇਲੂ ਕੰਪਨੀਆਂ ਨੂੰ ਅੱਗੇ ਵਧਣ 'ਚ ਮਦਦ ਮਿਲੇਗੀ।