ਇਜ਼ਰਾਈਲ-ਈਰਾਨ ਤਣਾਅ ਵਧਣ ਕਾਰਨ ਏਅਰ ਇੰਡੀਆ ਨੇ ਤੇਲ ਅਵੀਵ ਦੀਆਂ ਉਡਾਣਾਂ ਮੁਅੱਤਲ ਕੀਤੀਆਂ

ਏਜੰਸੀ

ਖ਼ਬਰਾਂ, ਵਪਾਰ

ਮੁਸਾਫ਼ਰਾਂ ਨੂੰ ਤੇਲ ਅਵੀਵ ਆਉਣ ਅਤੇ ਜਾਣ ਦੀਆਂ ਪੁਸ਼ਟੀ ਟਿਕਟਾਂ ਦੇ ਨਾਲ ਪੂਰੇ ਰਿਫੰਡ ਦੀ ਪੇਸ਼ਕਸ਼

Representative Image.

ਨਵੀਂ ਦਿੱਲੀ: ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਸ਼ੁਕਰਵਾਰ ਨੂੰ ਅਗਲੇ ਨੋਟਿਸ ਤਕ ਤੇਲ ਅਵੀਵ ਤੋਂ ਆਉਣ-ਜਾਣ ਵਾਲੀਆਂ ਅਪਣੀਆਂ ਉਡਾਣਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। 

ਟਾਟਾ ਸਮੂਹ ਦੀ ਮਲਕੀਅਤ ਵਾਲੀ ਕੰਪਨੀ ਨੇ ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਦਿੱਲੀ ਤੋਂ ਤੇਲ ਅਵੀਵ ਲਈ ਅਪਣੀਆਂ ਸੇਵਾਵਾਂ 8 ਅਗੱਸਤ ਤਕ ਮੁਅੱਤਲ ਕਰ ਦਿਤੀਆਂ ਸਨ। ਏਅਰਲਾਈਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਪਛਮੀ ਏਸ਼ੀਆ ਦੇ ਕੁੱਝ ਹਿੱਸਿਆਂ ’ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਤੇਲ ਅਵੀਵ ਤੋਂ ਆਉਣ-ਜਾਣ ਵਾਲੀਆਂ ਸਾਡੀਆਂ ਉਡਾਣਾਂ ਅਗਲੇ ਨੋਟਿਸ ਤਕ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤੀਆਂ ਗਈਆਂ ਹਨ। ਅਸੀਂ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ।’’

ਏਅਰਲਾਈਨ ਅਪਣੇ ਮੁਸਾਫ਼ਰਾਂ ਨੂੰ ਤੇਲ ਅਵੀਵ ਆਉਣ ਅਤੇ ਜਾਣ ਦੀਆਂ ਪੁਸ਼ਟੀ ਟਿਕਟਾਂ ਦੇ ਨਾਲ ਪੂਰੇ ਰਿਫੰਡ ਦੀ ਪੇਸ਼ਕਸ਼ ਕਰ ਰਹੀ ਹੈ। ਇਜ਼ਰਾਈਲ ਅਤੇ ਹਮਾਸ ਸਮੇਤ ਵੱਖ-ਵੱਖ ਅਤਿਵਾਦੀ ਸਮੂਹਾਂ ਵਿਚਾਲੇ ਸੰਘਰਸ਼ ਕਾਰਨ ਪਛਮੀ ਏਸ਼ੀਆ ਵਿਚ ਤਣਾਅ ਬਣਿਆ ਹੋਇਆ ਹੈ।